ਅੰਮ੍ਰਿਤਸਰ ਤੋਂ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵੱਲੋਂ ਪੰਜਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਹਨ। ਇੱਕ ਪੀੜਤ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਭੰਗੜਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੜ੍ਹਦੀਆਂ ਹਨ।
ਪੀੜਤ ਕੁੜੀ ਦੇ ਮਾਂ ਨੇ ਕਿਹਾ ਕਿ ਦਸੰਬਰ ਦੀਆਂ ਛੁੱਟੀਆਂ ਤੋਂ ਪਹਿਲਾਂ ਜਦੋਂ ਉਸਨੇ ਆਪਣੀ ਵੱਡੀ ਧੀ ਨੂੰ ਸਕੂਲ ਭੇਜਣ ਲਈ ਉਠਾਇਆ ਤਾਂ ਉਸ ਨੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸ ਨੇ ਆਪਣੀ ਲੜਕੀ ਨੂੰ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸਕੂਲ ਵਿੱਚ ਇੱਕ ਅਧਿਆਪਕ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਪੀੜਤ ਨੇ ਦੱਸਿਆ ਕਿ ਅਧਿਆਪਕ ਉਨ੍ਹਾਂ ਨੂੰ ਆਪਣੀ ਕੁਰਸੀ ਦੇ ਕੋਲ ਬੁਲਾ ਲੈਂਦਾ ਹੈ। ਉਹ ਕਾਪੀ ਨੂੰ ਆਪਣੀ ਗੋਦ ਵਿੱਚ ਰੱਖਦਾ ਹੈ ਅਤੇ ਫਿਰ ਉਨ੍ਹਾਂ ਨੂੰ ਇਸ ਨੂੰ ਛੂਹਣ ਲਈ ਕਹਿੰਦਾ ਹੈ।
ਲੜਕੀ ਨੇ ਦੱਸਿਆ ਕਿ ਉਹ ਹੋਰ ਦੋ ਲੜਕੀਆਂ ਨਾਲ ਵੀ ਅਜਿਹਾ ਹੀ ਕਰਦਾ ਹੈ ਜੋ ਉਸ ਦੀਆਂ ਸਹੇਲੀਆਂ ਹਨ। ਪੀੜਤ ਲੜਕੀ ਦੀ ਮਾਂ ਨੇ ਲੜਕੀ ਦੇ ਦੋਸਤਾਂ ਦੇ ਮਾਪਿਆਂ ਨਾਲ ਇਸ ਵਾਰਦਾਤ ਬਾਰੇ ਗੱਲਬਾਤ ਕੀਤੀ। ਛੁੱਟੀਆਂ ਖਤਮ ਹੋਣ ਤੋਂ ਬਾਅਦ ਥਾਣਾ ਮਜੀਠਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ x ‘ਤੇ ਆਪਣੀ ਵਿਡੀਉ ਸਾਂਝੀ ਕਰਦੇ ਹੋਏ ਕਿਹਾ ਮਜੀਠਾ ਹਲਕੇ ਵਿਚ ਸਰਕਾਰੀ ਸਕੂਲ ਵਿਚ ਛੋਟੀਆਂ ਬੱਚੀਆਂ ਨਾਲ ਅਧਿਆਪਕ ਵੱਲੋਂ ਅਸ਼ਲੀਲ ਛੇੜਛਾੜ ਕਰਨਾ ਬਹੁਤ ਗੰਭੀਰ ਮਾਮਲਾ ਹੈ। ਇਸ ਮਾਮਲੇ ਵਿਚ ਬੇਸ਼ੱਕ ਕੇਸ ਤਾਂ ਦਰਜ ਹੋ ਗਿਆ ਹੈ ਪਰ ਅਧਿਆਪਕ ਖਿਲਾਫ ਵਿਭਾਗੀ ਕਾਰਵਾਈ ਕੋਈ ਨਹੀਂ ਹੋ ਰਹੀ। ਅਜਿਹੇ ਅਧਿਆਪਕ ਨੂੰ ਤੁਰੰਤ ਬਰਖ਼ਾਸਤ ਕਰਕੇ ਸਖ਼ਤ ਤੋਂ ਸਖ਼ਤ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਘਟਨਾ ਦੀ ਜਿੰਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ