ਕਥਿਤ ਰਾਸ਼ਨ ਘਪਲੇ ਦੀ ਜਾਂਚ ਦੇ ਸਿਲਸਿਲੇ ‘ਚ ED ਨੇ ਅੱਜ ਸਵੇਰੇ ਕੋਲਕਾਤਾ ਅਤੇ ਇਸ ਦੇ ਨਾਲ ਲੱਗਦੇ ਜ਼ਿਲੇ ਉੱਤਰੀ 24 ਪਰਗਨਾ ‘ਚ ਕੁੱਲ 12 ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਸੇ ਸਿਲਸਿਲੇ ‘ਚ ਜਦੋਂ ED ਦੀ ਟੀਮ ਤ੍ਰਿਣਮੂਲ ਆਗੂ ਅਤੇ ਬਲਾਕ ਪ੍ਰਧਾਨ ਸ਼ਾਹਜਹਾਂ ਸ਼ੇਖ ਦੇ ਘਰ ਛਾਪਾ ਮਾਰਨ ਪਹੁੰਚੀ ਤਾਂ ਕੁੱਝ ਲੋਕਾਂ ਨੇ ED ਦੀ ਟੀਮ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਵੱਲੋਂ ਵਾਹਨਾਂ ਦੀ ਭੰਨਤੋੜ ਕੀਤੀ ਗਈ। ਇੱਥੋਂ ਤੱਕ ਕਿ ਮੀਡੀਆ ਕਰਮੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਫ਼ੋਨ ਤੱਕ ਖੋਹ ਲਏ ਗਏ ਤੇ ਨਾਲ ਹੀ ਜਾਨੋਂ ਮਾਰਨ ਦੀ ਕਥਿਤ ਧਮਕੀ ਦੇ ਤਹਿਤ ਉਨ੍ਹਾਂ ਤੋਂ ਪਾਸਵਰਡ ਮੰਗੇ ਗਏ।
TMC ਨਾਲ ਜੁੜੇ ਸ਼ਾਹਜਹਾਂ ਸ਼ੇਖ ਲੰਬੇ ਸਮੇਂ ਤੋਂ ਰਾਸ਼ਨ ਡੀਲਰ ਹਨ। ਉਹ ਸੂਬੇ ਦੀ ਸਾਬਕਾ ਖੁਰਾਕ ਮੰਤਰੀ ਜਯੋਤੀਪ੍ਰਿਆ ਮਲਿਕ ਦੇ ਕਰੀਬੀ ਮੰਨੇ ਜਾਂਦੇ ਹਨ। ED ਅਧਿਕਾਰੀਆਂ ਦਾ ਮੰਨਣਾ ਹੈ ਕਿ ਨੇਤਾ ਦੇ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਰਾਸ਼ਨ ਭ੍ਰਿਸ਼ਟਾਚਾਰ ਮਾਮਲੇ ਨਾਲ ਜੁੜੇ ਦਸਤਾਵੇਜ਼ ਮਿਲ ਸਕਦੇ ਹਨ। ਪਰ ED ਦੀ ਟੀਮ ਤੇ ਹੋਏ ਇਸ ਹਮਲੇ ਤੋਂ ਬਾਅਦ ED ਨੂੰ ਕਾਰਵਾਈ ਤੋਂ ਪਿੱਛੇ ਹਟਣਾ ਪਿਆ। ਦੱਸ ਦਈਏ ਕਿ ED ਪੱਛਮੀ ਬੰਗਾਲ ਵਿੱਚ ਕਈ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਵਿੱਚ ਰਾਸ਼ਨ ਘੁਟਾਲਾ ਵੀ ਇੱਕ ਮਾਮਲਾ ਹੈ।