ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਡਡਿਆਨਾ ਕਲਾਂ ਦੇ ਸਰਪੰਚ ਸੰਦੀਪ ਸਿੰਘ ਚੀਨਾ ਕਾਜਲ ਦੀ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ ਗਈ ਸੀ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਅੱਜ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਕਤ ਮਾਮਲੇ ’ਚ ਪੁਲਿਸ ਨੇ ਕਥਿਤ ਦੋਸ਼ੀ ਰੋਹਿਤ ਕੁਮਾਰ ਉਰਫ਼ ਸੂਰਜ ਪੁੱਤਰ ਗੁਰਦੀਪ ਸਿੰਘ ਵਾਸੀ ਸ਼ੇਰਪੁਰ ਗੁਲਿੰਡ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਗਿ੍ਰਫ਼ਤਾਰ ਕਰ ਲਿਆ ਜਾਵੇਗਾ।
ਦੱਸ ਦਈਏ ਕਿ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪਿੰਡ ਦਾ ਮੌਜੂਦਾ ਸਰਪੰਚ ਅਤੇ ਬਸਪਾ ਦਾ ਆਗੂ ਸੀ। ਉਹ ਪਿੰਡ ਦੇ ਬਾਹਰ ਸੜਕ ਦੇ ਕੋਲ ਕੂੜੇ ਦੇ ਢੇਰ ‘ਤੇ ਖੜ੍ਹਾ ਸੀ, ਜਦੋਂ ਤਿੰਨ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਪਹਿਲਾਂ ਉਸ ਨਾਲ ਹੱਥ ਮਿਲਾਇਆ। ਹੱਥ ਮਿਲਾਉਣ ਤੋਂ ਬਾਅਦ ਉਸ ‘ਤੇ ਲਗਾਤਾਰ ਚਾਰ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ‘ਚੋਂ ਇਕ ਗੋਲੀ ਸੰਦੀਪ ਦੇ ਸੱਜੇ ਪਾਸੇ ਲੱਗੀ। ਇਸ ਦੌਰਾਨ ਮੌਕੇ ‘ਤੇ ਮੌਜੂਦ ਸਰਪੰਚ ਸੰਦੀਪ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਰਪੰਚ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।