ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਖ਼ਿਲਾਫ਼ ਕਪੂਰਥਲਾ ਦੇ ਸੁਭਾਨਪੁਰ ਥਾਣੇ ਵਿੱਚ ਧਾਰਾ 195 ਏ ਅਤੇ 506 ਆਈਪੀਸੀ ਤਹਿਤ ਬੀਤੇ ਦਿਨ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਸੰਬੰਧੀ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ ਤੇ ਅੱਜ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਉਨ੍ਹਾਂ ਦਾ ਮੈਡੀਕਲ ਕਰਵਾ ਕੇ ਦੁਪਹਿਰ ਦੇ ਸਮੇਂ ਉਨ੍ਹਾਂ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਸ ਸਭ ਦੇ ਚੱਲਦੇ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਨੇ ਟਵੀਟ ਕਰ ਕਿਹਾ ਕਿ ਮੇਰੇ ਪਿਤਾ ਦੇ ਖ਼ਿਲਾਫ਼ 8.5 ਸਾਲ ਬਾਅਦ ਸਬੂਤ ਇਕੱਠੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਦਾ ਇਕੋ ਇਕ ਗੁਨਾਹ ਇਹ ਹੈ ਕਿ ਉਹ ਇਕ ਆਵਾਜ਼ ਵਾਲੇ ਨੇਤਾ ਹਨ, ਜੋ ਕਿ ਮੁਖ ਮੰਤਰੀ ਨਾਲ ਭਗਵੰਤ ਮਾਨ ਨਾਲ ਸਿੱਧਮ ਸਿੱਧਾ ਗੱਲ ਕਰ ਲੈਂਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਮੇਰੇ ਪਿਤਾ ਜੀ ਨੂੰ ਇਕ ਹੋਰ ਹਾਸੋ-ਹੀਣੇ ਅਤੇ ਝੂਠੇ ਕੇਸ (ਦੋ ਸਾਲਾਂ ਵਿਚ 5ਵੀਂ ਐਫ਼.ਆਈ.ਆਰ.) ਵਿਚ ਜੇ.ਐਮ.ਆਈ.ਸੀ. ਕਪੂਰਥਲਾ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮੈਨੂੰ ਯਕੀਨ ਹੈ ਕਿ ਮੇਰੇ ਪਿਤਾ ਇਸ ਮਾਮਲੇ ਵਿਚ ਵੀ ਬਾਕੀਆਂ ਵਾਂਗ ਹੀ ਜੇਤੂ ਹੋਣਗੇ।