ਪੰਜਾਬ ਵਿੱਚ ਠੰਡ ਲਗਾਤਾਰ ਵੱਧ ਰਹੀ ਹੈ। ਸੀਤ ਲਹਿਰ ਦਾ ਅਸਰ ਪੰਜਾਬ ਦੇ ਨਾਲ-ਨਾਲ ਪੂਰੇ ਉੱਤਰੀ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅੱਜ ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਵਿੱਚ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ ਜਦੋਂ ਕਿ ਪੂਰਬੀ ਅਤੇ ਪੱਛਮੀ ਮਾਲਵੇ ਦੇ ਹੋਰ ਖੇਤਰਾਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਨਵਾਂਸ਼ਹਿਰ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ 6 ਜਨਵਰੀ ਨੂੰ ਧੁੰਦ ਦਾ ਅਲਰਟ ਐਲਾਨਿਆ ਹੈ, 7 ਜਨਵਰੀ ਤੋਂ ਬਾਅਦ ਬੱਦਲਵਾਈ ਅਤੇ 9 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਸੰਘਣੀ ਧੁੰਦ ਕਾਰਨ ਸਵੇਰ ਵੇਲੇ ਹਰ ਪਾਸੇ ਵਿਜ਼ੀਬਿਲਟੀ ਜ਼ੀਰੋ ਹੈ। ਇਸ ਕਾਰਨ ਇੱਥੇ ਪੁੱਜਣ ਵਾਲੀਆਂ ਉਡਾਣਾਂ 2 ਤੋਂ 6 ਘੰਟੇ ਦੇਰੀ ਨਾਲ ਪੁੱਜ ਰਹੀਆਂ ਹਨ। ਰੇਲਵੇ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਟਰੇਨਾਂ ਚਾਰ ਤੋਂ ਪੰਜ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ।