ਮੋਹਾਲੀ ਦੇ ਨੇੜੇ ਪਿੰਡ ਬਲੌਂਗੀ ਵਿਖੇ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਹੈ। ਦੱਸ ਦਈਏ ਕਿ ਇਹ ਮੋਹਾਲੀ ਪੁਲਿਸ ਅਤੇ ਬਟਾਲਾ ਪੁਲਿਸ ਦੀ ਸਾਂਝੀ ਕਾਰਵਾਈ ਹੈ ਜਿਸ ਵਿੱਚ ਕਈ ਕਰਾਸ ਬਾਰਡਰ ਦੇ ਮਾਮਲਿਆਂ ਵਿੱਚ ਦੋਸ਼ੀ ਸ਼ਰਨਜੀਤ ਸਿੰਘ ਉਰਫ ਸੰਨੀ ਵਾਸੀ ਡੇਰਾ ਬਾਬਾ ਨਾਨਕ, ਜ਼ਿਲ੍ਹਾ- ਗੁਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ਰਨਜੀਤ ਸਿੰਘ ਦੀ ਕਈ ਮਾਮਲਿਆਂ ਵਿਚ ਪੁਲਿਸ ਨੂੰ ਤਲਾਸ਼ ਸੀ।
ਦੱਸ ਦਈਏ ਕਿ ਸ਼ਰਨਜੀਤ ਸਿੰਘ ਅੱਤਵਾਦੀ ਰਿੰਦਾ ਦਾ ਸਾਥੀ ਹੈ। ਇਹ ਡਰੋਨ ਰਾਹੀਂ ਬਾਰਡਰ ਪਾਰ ਤੋਂ ਹਥਿਆਰ ਅਤੇ ਅਸਲੇ ਦੀ ਸਪਲਾਈ ਮੰਗਵਾਉਂਦਾ ਸੀ। ਜਦੋਂ ਪੁਲਿਸ ਇਸ ਨੂੰ ਫੜਨ ਪਹੁੰਚੀ ਤਾਂ ਪੁਲਿਸ ਨੇ ਉਸ ਨੂੰ ਆਤਮ ਸਮਰਪਣ ਕਰ ਲਈ ਕਿਹਾ ਪਰ ਉਸ ਨੇ ਪੁਲਿਸ ਉਤੇ ਹੀ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਵਿਚ ਪੁਲਿਸ ਨੇ ਵੀ ਗੋਲੀ ਚਲਾਈ, ਜੋ ਕਿ ਉਸ ਦੇ ਪੈਰ ਵਿੱਚ ਵੱਜੀ। ਜਿਸ ਤੋਂ ਬਾਅਦ ਉਸ ਨੂੰ ਮੋਹਾਲੀ ਦੇ 6 ਫੇਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।