ਲੁਧਿਆਣਾ ‘ਚ ਅੱਜ ਸਵੇਰੇ ਟਿੱਬਾ ਰੋਡ ਸੰਧੂ ਕਾਲੋਨੀ ‘ਚ ਧਾਗੇ ਦੇ ਗੋਦਾਮ ‘ਚ ਗੈਸ ਲੀਕੇਜ ਤੋਂ ਬਾਅਦ ਦੋ ਸਿਲੰਡਰਾਂ ਵਿੱਚ ਜ਼ਬਰਦਸਤ ਧਮਾਕਾ ਹੋਇਆ। ਇਨ੍ਹਾਂ ਧਮਾਕਿਆਂ ਨਾਲ ਪੂਰਾ ਇਲਾਕਾ ਦਹਿਲ ਗਿਆ, ਜਿਸਦੇ ਚੱਲਦੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਸਮੇਂ ਧਾਗੇ ਦੇ ਗੋਦਾਮ ਵਿੱਚ ਕੋਈ ਨਹੀਂ ਸੀ। ਘਟਨਾ ਤੋਂ ਬਾਅਦ ਉੱਥੇ ਰਹਿੰਦੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਸੁੰਦਰ ਨਗਰ ਫਾਇਰ ਸਟੇਸ਼ਨ ਤੋਂ ਕੁੱਲ 3 ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ।
ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡਿਆ ‘ਤੇ ਤੇਜ਼ੀ ਨਾਲ ਵਾਇਰਲ ਹੋ ਹੈ ਜਿਸ ‘ਚ ਵੇਖਿਆ ਜਾ ਸਕਦਾ ਹੈ ਕਿ ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਧਾਗਾ ਮਿੱਲ ਦਾ ਸਾਰਾ ਸਟਾਕ ਸੁਆਹ ਹੋ ਗਿਆ। ਧਮਾਕਿਆਂ ਦੀ ਆਵਾਜ਼ ਸੁਣ ਕੇ ਨੇੜੇ ਰਹਿਣ ਵਾਲੇ ਲੋਕ ਆਪਣੇ ਘਰਾਂ ਵਿਚੋਂ ਬਾਹਰ ਆ ਗਏ ਅਤੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ।
ਦੱਸ ਦੇਈਏ ਕਿ ਕੱਲ੍ਹ ਖੰਨਾ ‘ਚ ਤੇਲ ਨਾਲ ਭਰਿਆ ਇੱਕ ਟੈਂਕਰ ਅਮਲੋਹ ਰੋਡ ‘ਤੇ ਪੈਂਦੇ ਓਵਰਬ੍ਰਿਜ ਨਾਲ ਟਕਰਾ ਗਿਆ ਸੀ ਜਿਸ ਕਾਰਨ ਉਥੇ ਵੀ ਜ਼ਬਰਦਸਤ ਧਮਾਕਾ ਹੋਇਆ ਸੀ । ਕੁਝ ਦੇਰ ਵਿਚ ਹੀ ਅੱਗ ਦੀਆਂ ਲਪਟਾਂ ਅਤੇ ਧੌਆ ਅਸਮਾਨ ਨੂੰ ਛੂਹਣ ਲਗਿਆ ਸੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ।