ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਜੁੜਿਆ ਅਹਿਮ ਫ਼ੈਸਲਾ ਲਿਆ ਗਿਆ ਸੀ. ਇਸ ਫ਼ੈਸਲੇ ਤਹਿਤ ਅਕਾਲੀ ਦਲ 1 ਫਰਵਰੀ ਤੋਂ ‘ਪੰਜਾਬ ਬਚਾਓ’ ਯਾਤਰਾ ਕੱਢ ਕੇ ‘ਆਪ’ ਸਰਕਾਰ ਦੇ ਹਰ ਮੁਹਾਜ਼ ’ਤੇ ਫੇਲ੍ਹ ਹੋਣ ਨੂੰ ਬੇਨਕਾਬ ਕਰੇਗੀ। ਹੁਣ ਅਕਾਲੀ ਦਲ ਦੀ ਇਸ ਯਾਤਰਾ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰ ਕਿਹਾ ਕਿ ਸਾਰੇ ਪੰਜਾਬ ਨੂੰ 15 ਸਾਲ ਹਰੇਕ ਪੱਖ ਤੋਂ ਲੁੱਟ ਕੇ ਅਕਾਲੀ ਦਲ ਬਾਦਲ ਨੇ ਬੋਲਿਆ ਵੱਡਾ ਸੱਚ… ਵੋਟਾਂ ਤੋਂ ਪਹਿਲਾਂ ਪੂਰੇ ਪੰਜਾਬ ‘ਚ ‘ਅਕਾਲੀ ਦਲ ਤੋਂ ਪੰਜਾਬ ਬਚਾਲੋ’ ਯਾਤਰਾ ਸ਼ੁਰੂ ਕਰਨ ਦਾ ਐਲਾਨ… ਇਸ ਦੀ ਮੁਆਫ਼ੀ ਕਦੇ ਫੇਰ ਮੰਗ ਲੈਣਗੇ
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਪਾਰਟੀ 1 ਫਰਵਰੀ ਤੋਂ ‘ਪੰਜਾਬ ਬਚਾਓ’ ਯਾਤਰਾ ਸ਼ੁਰੂ ਕਰ ਕੇ ‘ਆਪ’ ਸਰਕਾਰ ਵੱਲੋਂ ਕਿਸਾਨਾਂ, ਸਮਾਜ ਦੇ ਕਮਜ਼ੋਰ ਵਰਗਾਂ, ਉਦਯੋਗ ਤੇ ਵਪਾਰ, ਨੌਜਵਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਸਮੇਤ ਸਮਾਜ ਦੇ ਹਰ ਵਰਗ ਨਾਲ ਕੀਤੇ ਧੋਖੇ ਨੂੰ ਬੇਨਕਾਬ ਕਰੇਗੀ। ਇਹ ਵੀ ਫ਼ੈਸਲਾ ਲਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਯਾਤਰਾ ਦੀ ਅਗਵਾਈ ਕਰਨਗੇ ਅਤੇ ਉਹ ਹਰ ਹਲਕੇ ਵਿਚ ਦੋ ਦਿਨ ਗੁਜ਼ਾਰਨ ਸਮੇਤ ਸਾਰੇ 117 ਹਲਕਿਆਂ ਨੂੰ ਕਵਰ ਕਰਨਗੇ। ਉਨ੍ਹਾਂ ਕਿਹਾ ਪੰਜਾਬ ਤੇ ਇਸ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਉਭਾਰਨ ਲਈ ਸਾਰੇ ਪ੍ਰਮੁੱਖ ਕਸਬਿਆਂ ਤੇ ਸ਼ਹਿਰਾਂ ਵਿਚ ਸੈਮੀਨਾਰ ਕਰਵਾਏ ਜਾਣਗੇ।