ਪੰਜਾਬ ਦੀਆਂ ਜੇਲ੍ਹਾਂ ਤੋਂ ਕਦੇ ਇਤਰਾਜ਼ਯੋਗ ਚੀਜ਼ਾਂ ਮਿਲਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਤੇ ਕਦੇ ਜੇਲ੍ਹਾਂ ‘ਚ ਕੈਦੀਆਂ ਵੱਲੋਂ ਪਾਰਟੀਆਂ ਮਨਾਉਣ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਪਰ ਇਸ ਸਭ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਪੰਜਾਬ ਦੀਆਂ ਜੇਲ੍ਹਾਂ ’ਚ ਪਾਬੰਦੀਸ਼ੁਦਾ ਸਮਾਨ ਜਾਂ ਕੈਦੀਆਂ ਵੱਲੋਂ ਜੇਲ੍ਹਾਂ ‘ਚ ਪਾਰਟੀਆਂ ਮਨਾਉਣ ’ਤੇ ਰੋਕ ਲਗਾਉਣ ਦਾ ਦਾਅਵਾ ਕੀਤਾ ਜਾਂਦਾ ਹੈ। ਜੇਲ੍ਹ ’ਚ ਕੈਦੀ ਅਤੇ ਹਵਾਲਾਤੀ ਕਿਸ ਤਰ੍ਹਾਂ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ, ਇਸ ਦੀ ਇਕ ਉਦਾਹਰਣ ਸੋਸ਼ਲ ਮੀਡਿਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਵੀਡੀਓ ‘ਚ ਵੇਖਣ ਨੂੰ ਮਿਲ ਰਹੀ ਹੈ।
ਦਰਅਸਲ ਲੁਧਿਆਣਾ ‘ਚ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਦੀ ਇੱਕ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਜੇਲ੍ਹ ਦੇ ਬੈਰਕ ’ਚ ਬੈਠੇ ਕੈਦੀ HAPPY BIRTHDAY ਕਹਿੰਦੇ ਦਿਸ ਰਹੇ ਹਨ ਅਤੇ ਗਿਲਾਸ ਟਕਰਾ ਕੇ CHEERS ਕਰਦੇ ਵੀ ਨਜ਼ਰ ਆ ਰਹੇ ਹਨ। ਇਸ ਵਾਇਰਲ ਵੀਡੀਓ ਤੋਂ ਬਾਅਦ ਇਹ ਚਰਚਾ ਛਿੜ ਗਈ ਹੈ ਕਿ ਸੂਬਾ ਸਰਕਾਰ ਅਤੇ ਜੇਲ੍ਹ ਮੰਤਰਾਲਾ ਦੀ ਜਵਾਬਦੇਹੀ ਕਿੱਥੇ ਟਿਕੀ ਹੈ, ਜੋ ਕਿ ਕੇਂਦਰੀ ਜੇਲ੍ਹ ਤੋਂ ਇਸ ਤਰ੍ਹਾਂ ਦੀਆਂ ਪਾਰਟੀਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਸੁਰੱਖਿਆ ਏਜੰਸੀਆਂ ਵੀ ਬੇਵੱਸ ਦਿਸ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਜੇਲ੍ਹ ਦੇ ਅਧਿਕਾਰੀ ਅਜਿਹੇ ਮੁਲਜ਼ਮਾਂ ਤੱਕ ਕਿੰਨੀ ਜਲਦੀ ਪੁੱਜਦੇ ਹਨ, ਜੋ ਜੇਲ੍ਹ ’ਚ ਵੀ ਪਾਰਟੀਆਂ ਹੋਣ ਦੀਆਂ ਵੀਡੀਓ ਬਣਾ ਰਹੇ ਹਨ।