ਪੰਜਾਬ ‘ਚ ਆਏ ਦਿਨ ਬੇਅਦਬੀ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਹੁਣ ਪਟਿਆਲਾ ਤੋਂ ਇਸ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇ ਤ੍ਰਿਪੜੀ ਵਿਚਲੇ ਪ੍ਰੀਤ ਨਗਰ ਵਿੱਚ ਨੇਪਾਲ ਦਾ ਰਹਿਣ ਵਾਲਾ ਇੱਕ ਨੌਜਵਾਨ ਗੁਰਦੁਆਰੇ ਦੀ ਉਪਰਲੀ ਮੰਜ਼ਲ ’ਤੇ ਸ਼ਰਾਬੀ ਹਾਲਤ ’ਚ ਜੁੱਤੀਆਂ ਪਾ ਕੇ ਚੜ੍ਹ ਗਿਆ। ਇਸ ਮਗਰੋਂ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਮੌਜੂਦ ਸੰਗਤਾਂ ਵੱਲੋਂ ਉਸ ਨੂੰ ਦਬੋਚ ਲਿਆ ਗਿਆ।ਫਿਲਹਾਲ ਹੁਣ ਇਸ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗ੍ਰੰਥੀ ਸਿੰਘ ਤੇ ਹੋਰ ਸ਼ਰਧਾਲੂਆਂ ਨੇ ਦੱਸਿਆ ਕਿ ਇਹ ਨੌਜਵਾਨ ਪਾਈਪ ਦੇ ਸਹਾਰੇ ਉਪਰ ਚੜ੍ਹਿਆ ਤੇ ਉਸ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ ਕੀਤੀ, ਜਿਸ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਸ਼ੋਭਿਤ ਸੀ ਪਰ ਸ਼ਰਧਾਲੂ ਵੱਲੋਂ ਉਸ ਨੂੰ ਦਬੋਚ ਲਿਆ ਗਿਆ। ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਜੁੱਤੀ ਵੀ ਪਾਈ ਹੋਈ ਸੀ
ਗ੍ਰੰਥੀ ਸਿੰਘ ਅਨੁਸਾਰ ਨੇਪਾਲ ਵਾਸੀ ਨੇ ਦੱਸਿਆ ਕਿ ਉਹ ਰੋਟੀ ਖਾਣ ਆਇਆ ਸੀ ਜਿਸ ਲਈ ਉਸ ਨੇ ਇਕ ਵਿਅਕਤੀ ਤੋਂ ਰੋਟੀ ਮੰਗੀ ਤਾਂ ਉਸ ਨੇ ਸ਼ਰਾਬ ਪਿਲਾ ਦਿੱਤੀ ਤੇ ਦੂਰੋਂ ਹੀ ਨਿਸ਼ਾਨ ਸਾਹਿਬ ਵਿਖਾਉਂਦਿਆਂ, ਉਸ ਨੂੰ ਇਹ ਕਹਿ ਕੇ ਉਥੇ ਜਾਣ ਲਈ ਆਖਿਆ ਕਿ ਉਥੇ ਰੋਟੀ ਮਿਲ ਜਾਵੇਗੀ।