ਗਿੱਦੜਬਾਹਾ ਵਿਚ ਬੀਤੀ ਰਾਤ ਨਿਹੰਗ ਸਿੰਘ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨਿਹੰਗ ਸਿੰਘ ਜਸਵੀਰ ਸਿੰਘ ਬੱਗਾ ਵਾਸੀ ਹੁਸਨਰ ਨੇ ਪਿਛਲੇ ਕੁਝ ਦਿਨਾਂ ਤੋਂ ਗਿੱਦੜਬਾਹਾ ਵਿਚ ਮਲੋਟ ਰੋਡ ’ਤੇ ਇਕ ਝੋਪੜੀ ਬਣਾ ਕੇ ਲੰਗਰ ਲਗਾਇਆ ਹੋਇਆ ਸੀ ਅਤੇ ਇਸ ਦੌਰਾਨ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਲੰਗਰ ਛਕਾਉਂਦਾ ਸੀ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੱਸ ਦਈਏ ਕਿ ਬੀਤੀ ਰਾਤ ਜਦੋਂ ਦੋ ਅਣਪਛਾਤੇ ਵਿਅਕਤੀ ਆਏ ਤਾਂ ਨਿਹੰਗ ਨੇ ਉਨ੍ਹਾਂ ਨੂੰ ਲੰਗਰ ਛਕਣ ਲਈ ਕਿਹਾ ਪਰ ਲੰਗਰ ਛਕਣ ਦੀ ਬਜਾਏ ਉਕਤ ਵਿਅਕਤੀਆਂ ਨੇ ਨਿਹੰਗ ਨੂੰ ਬਾਹਰ ਆਉਣ ਲਈ ਕਿਹਾ ਅਤੇ ਜਦੋਂ ਨਿਹੰਗ ਬਾਹਰ ਆਇਆ ਤਾਂ ਉਕਤ ਲੋਕਾਂ ਨੇ ਉਸ ’ਤੇ ਰਾਡ ਨਾਲ ਹਮਲਾ ਕਰ ਦਿੱਤਾ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਕਾਤਲਾਂ ਨੇ ਪਹਿਲਾਂ ਉਸ ਦੇ ਚਿਹਰੇ ’ਤੇ ਰਾਡ ਨਾਲ ਹਮਲਾ ਕੀਤਾ ਜਿਸ ਨਾਲ ਉਹ ਜ਼ਮੀਨ ’ਤੇ ਡਿੱਗ ਗਿਆ। ਦੱਸ ਦਈਏ ਕਿ ਮ੍ਰਿਤਕ ਨਿਹੰਗ ਸਿੰਘ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿਚ ਇਕ ਬੇਟਾ ਸਤਨਾਮ ਸਿੰਘ (5), ਏਕਮ (2) ਅਤੇ ਬੇਟੀ ਧਨਵੀਰ ਕੌਰ ਹੈ ਜੋ ਅਜੇ ਸਿਰਫ ਤਿੰਨ ਮਹੀਨਿਆਂ ਦੀ ਹੈ।