ਜਲੰਧਰ ਦੇ ਬਸਤੀ ਬਾਵਾ ਖੇਲ ਨਹਿਰ ਕੋਲੋਂ 31 ਦਸੰਬਰ ਨੂੰ ਜ਼ਿਲਾ ਕਪੂਰਥਲਾ ਦੇ ਪਿੰਡ ਖੋਜੇਵਾਲਾ ਦੇ ਰਹਿਣ ਵਾਲੇ 57 ਸਾਲਾ ਅਰਜੁਨ ਐਵਾਰਡੀ DSP ਦਲਵੀਰ ਸਿੰਘ ਦਿਓਲ ਦੀ ਲਾਸ਼ ਮਿਲੀ ਸੀ. ਪਹਿਲਾਂ ਤਾਂ ਪੁਲਸ ਵੱਲੋਂ ਇਸ ਨੂੰ Accident Case ਦੱਸਿਆ ਜਾ ਰਿਹਾ ਸੀ ਪਰ ਬਾਅਦ ਵਿਚ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਮੌਕੇ ਤੋਂ DSP ਨੂੰ ਮਾਰੀਆਂ ਗਈਆਂ ਗੋਲ਼ੀਆਂ ਦੇ 2 ਖੋਲ ਪੁਲਿਸ ਨੂੰ ਬਰਾਮਦ ਹੋਏ , ਜਿਸ ਤੋਂ ਬਾਅਦ ਪੁਲਸ ਨੇ ਕਿਹਾ ਕਿ DSP ਦੀ ਮੌਤ ਐਕਸੀਡੈਂਟ ਵਿਚ ਨਹੀਂ ਹੋਈ, ਸਗੋਂ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ।
ਹੁਣ ਇਸ ਕਤਲ ਮਾਮਲੇ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਇਸ ਮਾਮਲੇ ‘ਚ ਸਰਕਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਇਕ ਪਰਗਟ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ. ਰਾਜਾ ਵੜਿੰਗ ਨੇ DSP ਕਤਲ ਕੇਸ ਨੂੰ ਲੈ ਕੇ ਸੋਸ਼ਲ ਮੀਡੀਆ X ‘ਤੇ ਇੱਕ ਅੰਗਰੇਜ਼ੀ ਅਖਬਾਰ ਦੀ ਕਟਿੰਗ ਸ਼ੇਅਰ ਕਰਦੇ ਹੋਏ ਲਿਖਿਆ – ‘2021 ਤੋਂ ਬਾਅਦ ਸੀ ਹਸਦਾ ਵਸਦਾ ਪੰਜਾਬ’। ਉਪਰੋਕਤ ਪੋਸਟ ਸ਼ੇਅਰ ਕਰਕੇ ਵੜਿੰਗ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ‘ਤੇ ਸਵਾਲ ਖੜ੍ਹੇ ਕੀਤੇ ਹਨ।
ਇਸਦੇ ਨਾਲ ਹੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ DSP ਦਲਬੀਰ ਸਿੰਘ ਦਿਓਲ ਦੇ ਕਤਲ ਕੀਤੇ ਜਾਣ ਦੇ ਮਾਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਪੰਜਾਬ ‘ਚ ਅਮਨ-ਕਾਨੂੰਨ ਦੀ ਹਾਲਤ ਇੰਨੀ ਮਾੜੀ ਹੈ ਕਿ ਸ਼ਹਿਰ ‘ਚ ਇੱਕ DSP ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਆਮ ਲੋਕ ਕੀ ਕਰਨਗੇ? ਇਸ ਤੋਂ ਵੱਡਾ ਹੋਰ ਕੁਝ ਨਹੀਂ ਹੋ ਸਕਦਾ।