ਅਡਾਨੀ-ਹਿੰਡਨਬਰਗ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਅੱਜ ਆਪਣਾ ਫੈਸਲਾ ਸੁਣਾਇਆ ਗਿਆ ਹੈ। ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਸੇਬੀ ਦੀ ਜਾਂਚ ਨੂੰ ਸਹੀ ਠਹਿਰਾਇਆ ਹੈ। ਸੀਜੇਆਈ ਡੀਵਾਈ ਚੰਦਰਚੂੜ ਦੀ ਤਿੰਨ ਮੈਂਬਰੀ ਬੈਂਚ ਨੇ ਅਡਾਨੀ-ਹਿੰਡਨਬਰਗ ਮਾਮਲੇ ‘ਤੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੇਬੀ ਨੂੰ ਮਾਮਲੇ ਦੀ ਜਾਂਚ ਲਈ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਸੇਬੀ ਨੇ ਜਾਂਚ ‘ਚ ਕੋਈ ਬੇਨਿਯਮੀਆਂ ਦਾ ਖੁਲਾਸਾ ਨਹੀਂ ਕੀਤਾ। 24 ਮਾਮਲਿਆਂ ‘ਤੇ ਜਾਂਚ ਲਈ ਕਿਹਾ ਗਿਆ ਸੀ, 2 ‘ਤੇ ਜਾਂਚ ਪੈਂਡਿੰਗ ਹੈ, ਜਿਸ ‘ਤੇ ਸੇਬੀ ਨੂੰ ਕਿਹਾ ਗਿਆ ਹੈ ਕਿ ਇਹ ਤਿੰਨ ਮਹੀਨਿਆਂ ਵਿੱਚ ਕਰੋ. ਦੱਸ ਦੇਈਏ ਕਿ ਅਦਾਲਤ ਨੇ ਨਵੰਬਰ-2023 ‘ਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਜਿਸ ‘ਤੇ ਅੱਜ ਫੈਸਲਾ ਸੁਣਾਇਆ ਗਿਆ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 24 ਜਨਵਰੀ 2023 ਨੂੰ ਅਮਰੀਕੀ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਨੇ ਗੌਤਮ ਅਡਾਨੀ ਦੀਆਂ ਸਾਰੀਆਂ ਕੰਪਨੀਆਂ ‘ਤੇ ਇਕ ਰਿਪੋਰਟ ਪੇਸ਼ ਕੀਤੀ ਸੀ, ਜਿਸ ‘ਚ ਕਈ ਗੰਭੀਰ ਦੋਸ਼ ਲਗਾਏ ਗਏ ਸਨ। ਜਦੋਂ ਕਿ ਅਡਾਨੀ ਗਰੁੱਪ ਨੇ ਇਸ ਰਿਪੋਰਟ ਨੂੰ ਪੂਰੀ ਤਰ੍ਹਾਂ ਝੂਠ ਦੱਸਿਆ ਸੀ। ਇਸ ਰਿਪੋਰਟ ਦੇ ਆਉਣ ਤੋਂ ਬਾਅਦ ਅਡਾਨੀ ਸਮੂਹ ਦੇ ਸਾਰੇ ਸ਼ੇਅਰ ਤੇਜ਼ੀ ਨਾਲ ਡਿੱਗ ਗਏ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਵੀ ਭਾਰੀ ਨੁਕਸਾਨ ਹੋਇਆ। ਬਾਅਦ ਵਿੱਚ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚਿਆ ਤੇ ਅੱਜ ਸੁਪਰੀਮ ਕੋਰਟ ਨੇ ਇਸ ‘ਤੇ ਫ਼ੈਸਲਾ ਸੁਣਾਇਆ ਹੈ. ਫਿਲਹਾਲ ਹੁਣ ਇਸ ਫੈਸਲੇ ਦਾ ਕੀ ਅਸਰ ਹੋਵੇਗਾ, ਇਹ ਦੇਖਣਾ ਬਾਕੀ ਹੈ।