ਜਲੰਧਰ ‘ਚ ਨਵੇਂ ਸਾਲ ਵਾਲੇ ਦਿਨ ਵੱਡੀ ਵਾਰਦਾਤ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਸਤੀ ਬਾਵਾ ਖੇਲ ਨਹਿਰ ਦੇ ਕੋਲੋਂ ਪੰਜਾਬ ਪੁਲਿਸ ਦੇ DSP ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਦਲਬੀਰ ਸਿੰਘ ਵਾਸੀ ਸੰਗਰੂਰ ਦੇ ਪਿੰਡ ਲੱਧਾ ਕੋਠੀ ਵਜੋਂ ਹੋਈ ਹੈ, ਜੋਕਿ PAP ਵਿਚ ਤਾਇਨਾਤ ਸਨ। ਇਹ ਕਤਲ ਹੈ ਜਾਂ ਹਾਦਸਾ ਇਸ ਦੇ ਬਾਰੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਉਹੀ DSP ਹਨ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਮਕਸੂਦਾਂ ਨੇੜੇ ਗੋਲ਼ੀ ਚਲਾਈ ਸੀ।
ਜਾਣਕਾਰੀ ਮੁਤਾਬਕ DSP ਰਾਤ ਨੂੰ ਆਪਣੇ ਦੋਸਤਾਂ ਦੇ ਨਾਲ ਨਵਾਂ ਸਾਲ ਮਨਾਉਣ ਗਏ ਸਨ। ਵਾਪਸ ਦੇ ਸਮੇਂ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਬੱਸ ਸਟੈਂਡ ਨੇੜੇ ਉਤਾਰ ਗਏ। ਇਸ ਤੋਂ ਬਾਅਦ ਹੁਣ ਸਵੇਰੇ ਉਨ੍ਹਾਂ ਦੀ ਲਾਸ਼ ਬਸਤੀ ਬਾਵਾ ਖੇਲ ਦੀ ਨਹਿਰ ਨੇੜਿਓਂ ਬਰਾਮਦ ਕੀਤੀ ਗਈ ਹੈ। ਇਸ ਮਾਮਲਾ ਬਾਰੇ ਜਾਣਕਾਰੀ ਦਿੰਦੇ ਹੋਏ ਜੇ. ਸੀ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਹਾਦਸਾ ਜਾਪਦਾ ਹੈ। ਡੀ. ਐੱਸ. ਪੀ. ਦਲਬੀਰ ਸਿੰਘ ਰਾਤ ਨੂੰ ਪੈਦਲ ਕਿਤੇ ਜਾ ਰਹੇ ਸਨ। ਇਸ ਦੌਰਾਨ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੇ ਸਿਰ ਵਿੱਚ ਕੋਈ ਚੀਜ਼ ਵੱਜੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਜੇ. ਸੀ. ਪੀ. ਸ਼ਰਮਾ ਨੇ ਦੱਸਿਆ ਕਿ ਇਲਾਕੇ ਦੇ ਸੀ. ਸੀ. ਟੀ. ਵੀ. ਚੈੱਕ ਕੀਤੇ ਜਾ ਰਹੇ ਹਨ। ਜਿਸ ਕਾਰਨ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ। ਜੇਕਰ ਇਹ ਹਾਦਸਾ ਨਹੀਂ ਤਾਂ ਸਿਰ ‘ਤੇ ਜ਼ਖ਼ਮ ਕਿਵੇਂ ਹੋਇਆ? ਫਿਲਹਾਲ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਚੱਲ ਰਹੀ ਹੈ।