ਦੇਸ਼ ਚ ਠੰਡ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਸੰਘਣੀ ਧੁੰਧ ਕਾਰਣ ਸੜਕੀ ਆਵਾਜਾਈ,ਰੇਲ ਗੱਡੀਆਂ ਅਤੇ ਹਵਾਈ ਉਡਾਨਾਂ ਪ੍ਰਭਾਵਿਤ ਹੋ ਰਹੀਆਂ ਹਨ। ਜਿਸ ਕਾਰਣ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਪੰਜਾਬ ਦੇ 16 ਜਿਲ੍ਹਿਆ ਚ ਅਲਰਟ ਜਾਰੀ ਕੀਤਾ ਗਿਆ ਹੈ.
ਮੌਸਮ ਵਿਭਾਗ ਮੁਤਾਬਿਕ , ਪੰਜਾਬ ਦੇ 16 ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਰੂਪਨਗਰ ਅਤੇ ਪਟਿਆਲਾ ਬੇਹੱਦ ਸੰਘਣੀ ਧੁੰਦ ਨਾਲ ਪ੍ਰਭਾਵਿਤ ਹੋਣਗੇ। ਇਸ ਤੋਂ ਇਲਾਵਾ ਵਿਭਾਗ ਨੇ 30 ਅਤੇ 31 ਦਸੰਬਰ ਲਈ ਆਰੇਂਜ ਅਲਰਟ ਅਤੇ 1 ਜਨਵਰੀ 2024 ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਠੰਡ ‘ਚ ਬਾਹਰ ਨਾ ਨਿਕਲਣ ਦੀ ਹਿਦਾਇਤ ਦਿੱਤੀ ਹੈ। ਸੂਬੇ ਦੇ ਸ਼ਹਿਰ ਅੰਮ੍ਰਿਤਸਰ, ਜਲੰਧਰ, ਮੁਹਾਲੀ ਅਤੇ ਪਟਿਆਲੇ ਚ ਸੰਘਣੀ ਧੁੰਦ ਵੇਖਣ ਨੂੰ ਮਿਲੀ ਹੈ। ਪੰਜਾਬ ਦੇ ਕੁਝ ਇਲਾਕਿਆਂ ਦਾ ਤਾਪਮਾਨ 3 ਡਿਗਰੀ ਤੱਕ ਦਰਜ ਕੀਤਾ ਗਿਆ ਹੈ।
ਪਹਾੜਾਂ ਵਿੱਚ ਬਰਫ਼ਬਾਰੀ
ਪਹਾੜੀ ਰਾਜਾਂ ਚ ਲਗਾਤਾਰ ਹੋ ਰਹੀ ਬਰਫ਼ਬਾਰੀ ਨੇ ਠੰਡ ਹੋਰ ਵਧਾ ਦਿੱਤੀ ਹੈ । ਪਹਾੜੀ ਰਾਜ ਹਿਮਾਚਲ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ ਹੋ ਗਿਆ ਹੈ ਅਤੇ ਭਾਰੀ ਬਰਫ਼ਬਾਰੀ ਹੋ ਰਹੀ ਹੈ। ਕਈ ਥਾਵਾਂ ‘ਤੇ ਹਲਕੀ ਬਾਰਿਸ਼ ਵੀ ਹੋ ਰਹੀ ਹੈ। ਪਹਾੜਾਂ ‘ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਸੀਤ ਲਹਿਰ ਹੈ। ਇਸ ਕਾਰਨ ਤਾਪਮਾਨ ਹੋਰ ਹੇਠਾਂ ਆ ਗਿਆ ਹੈ। ਪੱਛਮੀ ਉੱਤਰ ਪ੍ਰਦੇਸ਼, ਦਿੱਲੀ-ਐਨਸੀਆਰ, ਹਰਿਆਣਾ ਅਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਹੋਰ ਵਧੇਗੀ।