BJP ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਉੱਪਰ ਤਿੱਖਾ ਹਮਲਾ ਬੋਲਿਆ ਹੈ। ਜਾਖੜ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 5000 ਕਰੋੜ ਰੁਪਏ ਦੀ ਗੱਲ ਕਰ ਰਹੇ ਹਨ ਪਰ ਇਹ ਨਹੀਂ ਦੱਸਦੇ ਕਿ ਸੂਬਾ ਸਰਕਾਰ ਕੋਲ ਕੇਂਦਰ ਦੇ 8000 ਕਰੋੜ ਰੁਪਏ ਅਣਵਰਤੇ ਪਏ ਹਨ। ਜਾਖੜ ਨੇ ਕਿਹਾ ਕਿ ਭਗਵੰਤ ਮਾਨ ਪਹਿਲਾਂ ਉਸ ਨੂੰ ਤਾਂ ਵਰਤ ਲੈਣ ਬਾਕੀ ਗੱਲ ਫਿਰ ਕਰਨ।
ਸੁਨੀਲ ਜਾਖੜ ਬੁੱਧਵਾਰ ਨੂੰ ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਰਾਜਪੁਰਾ ਪੁੱਜੇ ਸਨ। ਇਸ ਦੌਰਾਨ ਜਾਖੜ ਨੇ ਕਿਹਾ ਕਿ ਰੇਤ ਦੀਆਂ ਕੀਮਤਾਂ ਦੇ ਸਬੰਧ ਵਿੱਚ ‘ਆਪ’ ਸਰਕਾਰ ਦੇ ਮੰਤਰੀ ਨੇ ਖ਼ੁਦ ਮੰਨਿਆ ਹੈ ਕਿ ਰੇਤਾ ਪੰਜ ਰੁਪਏ ਦੀ ਥਾਂ 45 ਰੁਪਏ ਦਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ 20 ਹਜ਼ਾਰ ਕਰੋੜ ਰੁਪਏ ਰੇਤੇ ਵਿੱਚੋਂ ਤੇ 40 ਹਜ਼ਾਰ ਕਰੋੜ ਰੁਪਏ ਐਕਸਾਈਜ਼ ਵਿੱਚੋਂ ਕੱਢਣਗੇ।
ਉਨ੍ਹਾਂ ਕਿਹਾ ਕਿ ਸੀਐਮ ਮਾਨ ਪੈਸਾ ਕੱਢ ਵੀ ਰਹੇ ਹਨ ਪਰ ਉਹ ਪੈਸਾ ਪੰਜਾਬ ਦੇ ਖ਼ਜ਼ਾਨੇ ਵਿੱਚ ਨਹੀਂ ਜਾ ਰਿਹਾ ਸਗੋਂ ਦਿੱਲੀ ਜਾ ਰਿਹਾ ਹੈ। ਉਨ੍ਹਾਂ ਤਨਜ਼ ਕੱਸਿਆ ਕਿ ਪੰਜਾਬ ਦਾ ਅਸਲੀ ਮੁੱਖ ਮੰਤਰੀ ਤਾਂ ਅਰਵਿੰਦ ਕੇਜਰੀਵਾਲ ਹੈ, ਭਗਵੰਤ ਮਾਨ ਤਾਂ ਸਿਰਫ ਮੁਖੌਟਾ ਹੈ।