ਪੰਜਾਬ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਧੁੰਦ ਕਾਰਨ ਚਿੱਟੀ ਚਾਦਰ ਛਾਈ ਹੋਈ ਹੈ। ਇਸ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਵੀ ਬਹੁਤ ਘੱਟ ਗਈ ਹੈ। ਲੋਕਾਂ ਨੂੰ ਆਵਾਜਾਈ ਵਿੱਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ 30 ਦੰਸਬਰ ਤੱਕ ਇਸੇ ਤਰਾਂ ਸੰਘਣੀ ਧੁੰਦ ਪਵੇਗੀ। ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਮੁਤਾਬਕ ਸੰਘਣੀ ਧੁੰਦ ਕਾਰਨ 22 ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।
ਦਿੱਲੀ ਵਿੱਚ ਸੰਘਣੀ ਧੁੰਦ ਕਾਰਨ 9 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਸਪਾਈਸਜੈੱਟ ਦੀਆਂ ਤਿੰਨ ਉਡਾਣਾਂ ਅਤੇ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਦਰਮਿਆਨ ਜੈਪੁਰ ਵੱਲ ਮੋੜਿਆ ਗਿਆ। ਬੁੱਧਵਾਰ ਦੇਰ ਸ਼ਾਮ ਵਿਸਤਾਰਾ ਏਅਰਲਾਈਨਜ਼ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ ‘ਤੇ ਉਤਰਨ ਵਾਲੀਆਂ ਉਸ ਦੀਆਂ ਪੰਜ ਉਡਾਣਾਂ ਨੂੰ ਮੋੜ ਦਿੱਤਾ ਗਿਆ ਸੀ।
ਇਸ ਦੇ ਨਾਲ ਹੀ IMD ਦੇ ਪੂਰਵ ਅਨੁਮਾਨ ਵਿੱਚ ਕਿਹਾ ਗਿਆ ਹੈ ਕਿ 31 ਦਸੰਬਰ ਤੋਂ 2 ਜਨਵਰੀ 2024 ਤੱਕ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਨੂੰ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ‘ਚ ਮੀਂਹ ਪੈ ਸਕਦਾ ਹੈ।