ਮੋਹਾਲੀ ਦੇ ਖਰੜ ‘ਚੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਖਰੜ ‘ਚ ਦੋ ਲੁਟੇਰੇ ਘਰ ‘ਚ ਦਾਖਲ ਹੋ ਕੇ ਇਕੱਲੀ ਪਈ ਬਜ਼ੁਰਗ ਔਰਤ ਦੇ ਹੱਥ-ਮੂੰਹ ਬੰਨ੍ਹ ਕੇ ਘਰ ‘ਚ ਰੱਖੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਔਰਤ ਦਾ ਪੁੱਤਰ ਰਜਨੀਸ਼ ਕੋਰੀਓਗ੍ਰਾਫਰ ਹੈ। ਖਰੜ ਦੇ ਡੀਐਸਪੀ ਕਰਨ ਸਿੰਘ ਸੰਧੂ, ਸਿਟੀ ਪੁਲੀਸ ਦੇ ਐਸਐਚਓ ਮਨਦੀਪ ਸਿੰਘ ਸਮੇਤ ਪੁਲਿਸ ਮੁਲਾਜ਼ਮਾਂ ਨੇ ਮੰਗਲਵਾਰ ਸ਼ਾਮ ਮੌਕੇ ਦਾ ਮੁਆਇਨਾ ਕੀਤਾ। ਸੂਚਨਾ ਤੋਂ ਬਾਅਦ ਰਜਨੀਸ਼ ਦੀ ਪਤਨੀ ਵੀ ਉੱਥੇ ਪਹੁੰਚ ਗਈ। ਜਦੋਂਕਿ ਰਜਨੀਸ਼ ਨੇ ਡਰੀ ਹੋਈ ਮਾਂ ਨੂੰ ਹੁਸ਼ਿਆਰਪੁਰ ਭੇਜ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਸੋਮਵਾਰ ਰਾਤ ਕਰੀਬ 9.15 ਵਜੇ ਸ਼ਿਵਜੋਤ ਇਨਕਲੇਵ ਦੇ ਗੇਟ ਨੰਬਰ 3 ਨੇੜੇ ਫਲੈਟ ਨੰਬਰ 39 ਦੀ ਉਪਰਲੀ ਮੰਜ਼ਿਲ ‘ਤੇ ਵਾਪਰੀ। ਬਦਮਾਸ਼ ਘਰ ‘ਚੋਂ ਕਰੀਬ 25 ਤੋਲੇ ਸੋਨੇ ਦੇ ਗਹਿਣੇ ਅਤੇ ਪੰਜ ਲੱਖ ਰੁਪਏ ਚੋਰੀ ਕਰਕੇ ਲੈ ਗਏ ਹਨ। ਜਿਸ ਤਰੀਕੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਲੱਗਦਾ ਹੈ ਕਿ ਲੁਟੇਰੇ ਪਰਿਵਾਰ ਦੇ ਜਾਣਕਾਰ ਸਨ। ਉਨ੍ਹਾਂ ਨੇ ਰਜਨੀਸ਼ ਦੇ ਜਾਣ ਤੋਂ 5 ਮਿੰਟ ਬਾਅਦ ਹੀ ਘਰ ਦਾ ਦਰਵਾਜ਼ਾ ਖੜਕਿਆ ਅਤੇ ਉਨ੍ਹਾਂ ਦੀ ਮਾਂ ਨੂੰ ਰਜਨੀਸ਼ ਦਾ ਜਾਣਕਾਰ ਦੱਸ ਕੇ ਦਰਵਾਜ਼ਾ ਖੁਲ੍ਹਵਾਇਆ।
ਸ਼ਿਵਜੋਤ ਇਨਕਲੇਵ ਵਿੱਚ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ, ਉਹ ਇਲਾਕਾ ਕਾਫੀ ਭੀੜ ਵਾਲਾ ਹੈ। ਇਸ ਤੋਂ ਇਲਾਵਾ ਕਾਲੋਨੀ ਵਿੱਚ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਹਨ। ਫਿਰ ਵੀ ਇਲਾਕੇ ਵਿੱਚ ਅਜਿਹੀ ਵੱਡੀ ਘਟਨਾ ਕਲੋਨੀ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰਦੀ ਹੈ।