ਜੰਮੂ – ਕਸ਼ਮੀਰ ਦੇ ਪੁੰਛ ‘ਚ ਅੱਤਵਾਦੀ ਹਮਲੇ ‘ਚ ਚਾਰ ਜਵਾਨਾਂ ਦੀ ਸ਼ਹਾਦਤ ਅਤੇ ਅਗਲੇ ਦਿਨ ਤਿੰਨ ਪਿੰਡ ਵਾਸੀਆਂ ਦੀਆਂ ਲਾਸ਼ਾਂ ਸ਼ੱਕੀ ਹਾਲਤ ‘ਚ ਮਿਲਣ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਯਾਨੀ ਕਿ ਅੱਜ ਰਾਜੌਰੀ-ਪੁੰਛ ਜ਼ਿਲਿਆਂ ਦਾ ਦੌਰਾ ਕੀਤਾ। ਇਸ ਦੌਰਾਨ ਫੌਜ ਮੁਖੀ ਜਨਰਲ ਮਨੋਜ ਪਾਂਡੇ, ਉਪਰਜਪਾਲ ਮਨੋਜ ਸਿਨਹਾ ਅਤੇ ਉੱਤਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਫਿਰ ਰਾਜੌਰੀ ‘ਚ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਤਾਜ਼ਾ ਘਟਨਾ ‘ਚ ਸ਼ਹੀਦ ਹੋਏ ਸਾਡੇ ਚਾਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਨਾਲ ਹੀ, ਮੈਂ ਸਾਡੇ ਜ਼ਖਮੀ ਸੈਨਿਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਰੱਖਿਆ ਮੰਤਰੀ ਨੇ ਅੱਗੇ ਫੌਜੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ,’ਜੰਮੂ-ਕਸ਼ਮੀਰ ‘ਚ ਅੱਤਵਾਦ ਖਤਮ ਹੋਣਾ ਚਾਹੀਦਾ ਹੈ। ਅੱਤਵਾਦ ਨੂੰ ਖਤਮ ਕਰਨ ਦੀ ਵਚਨਬੱਧਤਾ ਨਾਲ ਅੱਗੇ ਵਧੋ।’
ਦੱਸ ਦਈਏ ਕਿ 22 ਦਸੰਬਰ ਨੂੰ ਇਲਾਕੇ ‘ਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ 27 ਤੋਂ 42 ਸਾਲ ਦੀ ਉਮਰ ਦੇ ਤਿੰਨ ਨਾਗਰਿਕ ਮਾਰੇ ਗਏ ਸਨ। ਲੋਕਾਂ ਨੇ ਦੋਸ਼ ਲਾਇਆ ਸੀ ਕਿ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਚੁੱਕਿਆ ਸੀ। ਇਸ ਹਮਲੇ ਵਿੱਚ ਚਾਰ ਜਵਾਨ ਵੀ ਸ਼ਹੀਦ ਹੋ ਗਏ ਸਨ। ਫੌਜ ਨੇ ਆਮ ਨਾਗਰਿਕਾਂ ਦੀ ਮੌਤ ਦੀ ਅਦਾਲਤੀ ਜਾਂਚ ਦੇ ਹੁਕਮ ਦਿੱਤੇ ਹਨ। ਬ੍ਰਿਗੇਡੀਅਰ ਨੂੰ ਹਟਾ ਦਿੱਤਾ ਗਿਆ ਹੈ ਅਤੇ ਤਿੰਨ ਹੋਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਪੁੰਛ ਵਿੱਚ ਅੱਤਵਾਦੀ ਹਮਲੇ ਅਤੇ ਤਿੰਨ ਪਿੰਡ ਵਾਸੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਵੱਲੋਂ ਬੰਦ ਕੀਤੀ ਗਈ ਮੋਬਾਈਲ ਇੰਟਰਨੈੱਟ ਸੇਵਾ ਬੁੱਧਵਾਰ ਨੂੰ ਪੰਜਵੇਂ ਦਿਨ ਵੀ ਬਹਾਲ ਨਹੀਂ ਹੋ ਸਕੀ। ਸਬੰਧਤ ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ਦਾ ਜਾਇਜ਼ਾ ਲੈ ਕੇ ਜਲਦੀ ਹੀ ਇਹ ਸੇਵਾ ਬਹਾਲ ਕਰ ਦਿੱਤੀ ਜਾਵੇਗੀ।