ਪੰਜਾਬ ਕਾਂਗਰਸ ਦੀ ਅੱਜ ਸ਼ਾਮ ਸਾਢੇ 4 ਵਜੇ ਦੇ ਕਰੀਬ ਦਿੱਲੀ ਵਿਖੇ ਹਾਈਕਮਾਨ ਨਾਲ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ‘ਚ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ ਸਮੇਤ ਕਈ ਵੱਡੇ ਆਗੂ ਸ਼ਾਮਲ ਹੋ ਸਕਦੇ ਹਨ। ਹੁਣ ਮੀਟਿੰਗ ਤੋਂ ਪਹਿਲਾਂ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਇਕ ਰਣਨੀਤੀ ਬੈਠਕ ਹੈ ਅਤੇ ਜੇਕਰ ਪੁੱਛਿਆ ਗਿਆ ਤਾਂ ਮੈਂ ਆਪਣੇ ਵਿਚਾਰ ਲੋਕਾਂ ਅਤੇ ਪਾਰਟੀ ਦੇ ਕਾਰਜਕਰਤਾਵਾਂ ਦੇ ਸਾਹਮਣੇ ਰੱਖਾਂਗਾ। ਅਜਿਹੀ ਸੰਭਾਵਨਾ ਹੈ ਕਿ ਬੈਠਕ ’ਚ ਇਸ ’ਤੇ (ਗਠਜੋੜ ਦੇ ਮੁੱਦੇ ’ਤੇ) ਚਰਚਾ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਮੀਟਿੰਗ ਦੌਰਾਨ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ, ਉੱਥੇ ਹੀ ਨਵਜੋਤ ਸਿੰਘ ਸਿੱਧੂ ਦਾ ਮੁੱਦਾ ਵੀ ਮੀਟਿੰਗ ਦੌਰਾਨ ਚੁੱਕਿਆ ਜਾਵੇਗਾ ਕਿਉਂਕਿ ਪਿਛਲੇ ਦਿਨੀਂ ਨਵਜੋਤ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸ਼ਬਦੀ ਜੰਗ ਛਿੜੀ ਸੀ. ਬਾਜਵਾ ਨੇ ਸਿੱਧੂ ਨੂੰ ਕਿਹਾ ਸੀ ਕਿ ਉਹ ਵੱਖਰਾ ਅਖਾੜਾ ਲਾਉਣਾ ਬੰਦ ਕਰਨ। ਇਸਦੇ ਨਾਲ ਹੀ ਉਹਨਾਂ ਕਿਹਾ ਸੀ ਕਿ ਸਿੱਧੂ ਦੀ ਪ੍ਰਧਾਨਗੀ ‘ਚ ਕਾਂਗਰਸ 78 ਤੋਂ 18 ਸੀਟਾਂ ‘ਤੇ ਆ ਗਈ ਸੀ। ਸਿੱਧੂ ਨੇ ਪਲਟਵਾਰ ਕਰਦਿਆਂ ਕਿਹਾ ਸੀ ਕਿ 78 ਤੋਂ 18 ਸੀਟਾਂ ‘ਤੇ ਆਉਣ ਲਈ ਸਿਰਫ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਸੀ। ਇੱਥੋਂ ਤੱਕ ਕਿ ਕਈ ਕਾਂਗਰਸੀ ਆਗੂਆਂ ਨੇ ਨਵਜੋਤ ਸਿੱਧੂ ਨੂੰ ਪਾਰਟੀ ਤੋਂ ਬਰਖ਼ਾਸਤ ਤੱਕ ਕਰਨ ਦੀ ਮੰਗ ਵੀ ਹਾਈਕਮਾਨ ਨੂੰ ਕਰ ਦਿੱਤੀ ਸੀ। ਇਸ ਸਾਰੇ ਮੁੱਦੇ ਬਾਰੇ ਮੀਟਿੰਗ ਦੌਰਾਨ ਚਰਚਾ ਕੀਤੀ ਜਾਵੇਗੀ।