ਪੰਜਾਬ ਕਾਂਗਰਸ ਦੀ ਅੱਜ ਸ਼ਾਮ ਸਾਢੇ 4 ਵਜੇ ਦੇ ਕਰੀਬ ਦਿੱਲੀ ਵਿਖੇ ਹਾਈਕਮਾਨ ਨਾਲ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ‘ਚ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ ਸਮੇਤ ਕਈ ਵੱਡੇ ਆਗੂ ਸ਼ਾਮਲ ਹੋ ਸਕਦੇ ਹਨ। ਮੀਟਿੰਗ ਦੌਰਾਨ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ, ਉੱਥੇ ਹੀ ਨਵਜੋਤ ਸਿੰਘ ਸਿੱਧੂ ਦਾ ਮੁੱਦਾ ਵੀ ਮੀਟਿੰਗ ਦੌਰਾਨ ਚੁੱਕਿਆ ਜਾਵੇਗਾ ਕਿਉਂਕਿ ਪਿਛਲੇ ਦਿਨੀਂ ਨਵਜੋਤ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸ਼ਬਦੀ ਜੰਗ ਛਿੜੀ ਸੀ
ਦੱਸਣਯੋਗ ਹੈ ਕਿ ਬਾਜਵਾ ਨੇ ਸਿੱਧੂ ਨੂੰ ਕਿਹਾ ਸੀ ਕਿ ਉਹ ਵੱਖਰਾ ਅਖਾੜਾ ਲਾਉਣਾ ਬੰਦ ਕਰਨ। ਇਸਦੇ ਨਾਲ ਹੀ ਉਹਨਾਂ ਕਿਹਾ ਸੀ ਕਿ ਸਿੱਧੂ ਦੀ ਪ੍ਰਧਾਨਗੀ ‘ਚ ਕਾਂਗਰਸ 78 ਤੋਂ 18 ਸੀਟਾਂ ‘ਤੇ ਆ ਗਈ ਸੀ। ਸਿੱਧੂ ਨੇ ਪਲਟਵਾਰ ਕਰਦਿਆਂ ਕਿਹਾ ਸੀ ਕਿ 78 ਤੋਂ 18 ਸੀਟਾਂ ‘ਤੇ ਆਉਣ ਲਈ ਸਿਰਫ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਸੀ। ਇੱਥੋਂ ਤੱਕ ਕਿ ਕਈ ਕਾਂਗਰਸੀ ਆਗੂਆਂ ਨੇ ਨਵਜੋਤ ਸਿੱਧੂ ਨੂੰ ਪਾਰਟੀ ਤੋਂ ਬਰਖ਼ਾਸਤ ਤੱਕ ਕਰਨ ਦੀ ਮੰਗ ਵੀ ਹਾਈਕਮਾਨ ਨੂੰ ਕਰ ਦਿੱਤੀ ਸੀ। ਇਸ ਸਾਰੇ ਮੁੱਦੇ ਬਾਰੇ ਮੀਟਿੰਗ ਦੌਰਾਨ ਚਰਚਾ ਕੀਤੀ ਜਾਵੇਗੀ।