ਬੀਤੇ ਸਮੇਂ ਦੌਰਾਨ ਪੂਰੀ ਦੁਨੀਆਂ ਉੱਤੇ ਕਹਿਰ ਬਣ ਕੇ ਲੱਖਾਂ ਲੋਕਾਂ ਦੀ ਜਾਨ ਲੈਣਾ ਵਾਲਾ ਕੋਰੋਨਾ ਹੁਣ ਮੁੜ ਤੋਂ ਚਰਚਾ ਵਿੱਚ ਹੈ। ਇਸ ਵਾਰ ਕੋਰੋਨਾ ਦਾ ਇੱਕ ਹੋਰ ਨਵਾਂ ਰੂਪ ਜਿਸ ਨੂੰ ਸਬਸਟਰੇਨ ਜੇਐਨ.1 ਦਾ ਨਾਮ ਦਿੱਤਾ ਗਿਆ ਹੈ ਲਗਾਤਾਰ ਭਾਰਤ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਕੋਰੋਨਾ ਵਾਇਰਸ ਦੇ ਨਵੇਂ ਰੂਪ GN.1 ਨੂੰ ਲੈ ਕੇ ਯੂਟੀ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਨਵੇਂ ਰੂਪ ਨੂੰ ਦੇਖਦੇ ਹੋਏ ਵੱਡਾ ਫੈਸਲਾ ਲਿਆ ਜਿਸਦੇ ਚੱਲਦੇ ਚੰਡੀਗੜ੍ਹ ਸ਼ਹਿਰ ਵਿੱਚ ਮਾਸਕ ਦੀ ਮੁੜ ਵਾਪਸੀ ਹੋਈ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ਵਿੱਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ ਅਤੇ ਭੀੜ ਵਾਲੀਆਂ ਥਾਵਾਂ ਤੋਂ ਬਚਣ ਲਈ ਵੀ ਹਦਾਇਤਾਂ ਕੀਤੀਆਂ ਹਨ। ਹਸਪਤਾਲ ਜਾਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਮਾਸਕ ਪਹਿਨਣਾ ਜ਼ਰੂਰੀ ਹੈ। ਬੁਖਾਰ, ਜ਼ੁਕਾਮ ਅਤੇ ਸਾਹ ਲੈਣ ਵਿੱਚ ਤਕਲੀਫ਼ ਵਰਗੇ ਲੱਛਣ ਹੋਣ ਤੇ ਤੁਰੰਤ ਡਾਕਟਰ ਦੀ ਸਲਾਹ ਲੈਣ ਅਤੇ ਨਾਲ ਹੀ ਜੇਕਰ ਕੋਈ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ 7 ਦਿਨਾਂ ਲਈ ਆਪਣੇ ਆਪ ਨੂੰ ਆਈਸੋਲੇਟ ਕਰਨ ਲਈ ਕਿਹਾ ਗਿਆ ਹੈ।