ਅਮਰੀਕਾ ‘ਚ ਭਾਰਤੀ ਅਧਿਕਾਰੀ ‘ਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। PM ਮੋਦੀ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਕਿਸੇ ਭਾਰਤੀ ਸਾਜ਼ਿਸ਼ ਬਾਰੇ ਕੋਈ ਸਬੂਤ ਦਿੱਤਾ ਜਾਂਦਾ ਹੈ, ਤਾਂ ਉਹ ਯਕੀਨੀ ਤੌਰ ‘ਤੇ ਇਸ ‘ਤੇ ‘ਵਿਚਾਰ’ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ‘ਕੁਝ ਘਟਨਾਵਾਂ’ ਭਾਰਤ ਅਤੇ ਅਮਰੀਕਾ ਦੀ ਦੋਸਤੀ ਨੂੰ ਪਟੜੀ ਤੋਂ ਨਹੀਂ ਉਤਾਰ ਸਕਦੀਆਂ। ਉਹਨਾਂ ਸਾਫ ਕਿਹਾ ਕਿ ਜੇਕਰ ਸਾਡੇ ਕਿਸੇ ਨਾਗਰਿਕ ਨੇ ਕੁਝ ਚੰਗਾ ਜਾਂ ਬੁਰਾ ਕੀਤਾ ਹੈ ਤਾਂ ਅਸੀਂ ਇਸ ‘ਤੇ ਵਿਚਾਰ ਕਰਨ ਲਈ ਤਿਆਰ ਹਾਂ। ਸਾਡੀ ਵਚਨਬੱਧਤਾ ਕਾਨੂੰਨ ਦੇ ਰਾਜ ਪ੍ਰਤੀ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ਾਂ ‘ਚ ਮੌਜੂਦ ਕੁਝ ਕੱਟੜਪੰਥੀ ਸਮੂਹਾਂ ਦੀਆਂ ਗਤੀਵਿਧੀਆਂ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਪੀ.ਐੱਮ ਮੋਦੀ ਨੇ ਕਿਹਾ ਕਿ ਕੱਟੜਪੰਥੀ ਤੱਤ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਧਮਕੀਆਂ ਦੇਣ ਅਤੇ ਹਿੰਸਾ ਭੜਕਾਉਣ ‘ਚ ਲੱਗੇ ਹੋਏ ਹਨ।’ ਇਸ ਤੋਂ ਪਹਿਲਾਂ ਭਾਰਤੀ ਨਾਗਰਿਕ ਨਿਖਿਲ ਗੁਪਤਾ ‘ਤੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗ ਚੁੱਕੇ ਹਨ। ਅਮਰੀਕਾ ਉਸ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ। ਸਾਲ 2020 ‘ਚ ਭਾਰਤ ਨੇ ਅੱਤਵਾਦੀ ਸਮੂਹ ਸਿੱਖ ਫਾਰ ਜਸਟਿਸ ਦੀ ਅਗਵਾਈ ਕਰਨ ਵਾਲੇ ਖਾਲਿਸਤਾਨੀ ਪੰਨੂ ਨੂੰ ਅੱਤਵਾਦੀ ਐਲਾਨ ਦਿੱਤਾ ਸੀ। ਭਾਰਤ ਨੇ ਵਾਰ-ਵਾਰ ਕਿਹਾ ਹੈ ਕਿ ਪੱਛਮੀ ਦੇਸ਼ ਖਾਲਿਸਤਾਨੀ ਅੱਤਵਾਦ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।