ਇਲਾਹਾਬਾਦ ਹਾਈ ਕੋਰਟ ਨੇ ਵਾਰਾਣਸੀ ਵਿਚ ਗਿਆਨਵਾਪੀ ਮਸਜਿਦ ਤੇ ਕਾਸ਼ੀ ਵਿਸ਼ਵਨਾਥ ਮੰਦਰ ਵਿਚਕਾਰ ਮਾਲਕੀ ਨੂੰ ਲੈਕੇ ਸੁੰਨੀ ਸੈਂਟਰਲ ਵਕਫ਼ ਬੋਰਡ ਤੇ ਅੰਜੁਮਨ ਇੰਤੇਜਾਮੀਆ ਮਸਜਿਦ ਕਮੇਟੀ ਦੀਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਹੈ। ਕੋਰਟ ਨੇ ਸਾਲ 1991 ‘ਚ ਵਾਰਾਣਸੀ ‘ਚ ਦਾਇਰ ਮਾਮਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਆਪਣਾ ਫੈਸਲਾ ਸੁਣਾਇਆ ਹੈ। ਜਸਟਿਸ ਰੋਹਿਤ ਰੰਜਨ ਅਗਰਵਾਲ ਦੀ ਬੈਂਚ ‘ਚ ਇਸ ਮਾਮਲੇ ਦੀ ਸੁਣਵਾਈ ਹੋਈ।
ਵਾਰਾਣਸੀ ਦੀ ਅਦਾਲਤ ਵਿਚ ਦਾਇਰ ਕੇਸ ‘ਚ ਇਹ ਦਲੀਲ ਦਿੱਤੀ ਗਈ ਹੈ ਕਿ ਮਸਜਿਦ ਮੰਦਰ ਦਾ ਹਿੱਸਾ ਹੈ। ਗਿਆਨਵਾਪੀ ਮਾਮਲੇ ਵਿਚ ਇਲਾਹਾਬਾਦ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਸਿੰਘ ਨੇ ਕਿਹਾ, ‘ਇਹ ਫ਼ੈਸਲਾ ਇਤਿਹਾਸਕ ਫੈਸਲਾ ਹੈ ਕਿਉਂਕਿ ਸਾਰੀਆਂ ਧਿਰਾਂ ਨੂੰ ਕਿਹਾ ਗਿਆ ਹੈ ਕਿ ਕੇਸ ਦਾ 6 ਮਹੀਨਿਆਂ ਵਿਚ ਨਿਪਟਾਰਾ ਕੀਤਾ ਜਾਵੇ ਤੇ ਪਟੀਸ਼ਨਾਂ ਨੂੰ ਖਾਰਿਜ ਕੀਤਾ ਹੈ। ਜੇ ਇਕ ਪੱਖ ਪੀੜਤ ਹੈ ਤਾਂ ਉਸ ਲਈ ਉੱਚ ਅਦਾਲਤ ਖੁੱਲ੍ਹੀ ਹੈ।