ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਮੁਹਾਲੀ RPG ਹਮਲੇ ਦੇ ਮੁੱਖ ਮੁਲਜ਼ਮ ਦੀਪਕ ਉਰਫ਼ ਰੰਗਾ ਕੋਲੋਂ ਪੁਲੀਸ ਨੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ।ਜੇਲ੍ਹ ਪ੍ਰਸ਼ਾਸਨ ਨੂੰ ਸ਼ੱਕ ਸੀ ਕਿ ਉਸ ਕੋਲ ਮੋਬਾਈਲ ਫ਼ੋਨ ਹੋ ਸਕਦਾ ਹੈ। ਸ਼ੱਕ ਦੇ ਆਧਾਰ ’ਤੇ ਬੈਰਕ ਨੰਬਰ 9 ਵਿੱਚ ਬੰਦ ਦੀਪਕ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੇਲ੍ਹ ਦੇ ਅੰਦਰ ਉਸ ਨੂੰ ਮੋਬਾਈਲ ਫ਼ੋਨ ਕਿਵੇਂ ਮਿਲਿਆ ਅਤੇ ਜੇਲ੍ਹ ਦੇ ਅੰਦਰ ਬੈਠ ਕੇ ਉਸ ਨੇ ਕਿਸ ਨਾਲ ਗੱਲ ਕੀਤੀ।
ਦੱਸ ਦਈਏ ਕਿ RPG ਹਮਲੇ ਤੋਂ ਇਲਾਵਾ ਦੀਪਕ ਸੈਕਟਰ 15 ਦੇ ਦੋਹਰੇ ਕਤਲ ਕਾਂਡ ਅਤੇ ਸੋਨੂੰ ਸ਼ਾਹ ਕਤਲ ਕਾਂਡ ਦਾ ਵੀ ਮੁੱਖ ਮੁਲਜ਼ਮ ਹੈ। ਦੀਪਕ ਮੂਲ ਰੂਪ ਤੋਂ ਹਰਿਆਣਾ ਦੇ ਝੱਜਰ ਦੇ ਪਿੰਡ ਸੁਰਖਪੁਰ ਦਾ ਰਹਿਣ ਵਾਲਾ ਹੈ। ਮੁਲਜ਼ਮ ਦੀਪਕ ਉਰਫ਼ ਰੰਗਾ ਨੂੰ ਚੰਡੀਗੜ੍ਹ ਪੁਲੀਸ ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਰਾਜੂ ਬਸੋਦੀ ਦੇ ਨਿਰਦੇਸ਼ਾਂ ‘ਤੇ ਉਸ ਨੇ ਰਾਜਨ, ਮਨਜੀਤ, ਸ਼ੁਭਮ, ਅਭਿਸ਼ੇਕ ਅਤੇ ਬੰਟੀ ਨਾਲ ਮਿਲ ਕੇ 28 ਸਤੰਬਰ 2019 ਨੂੰ ਬੁਡੈਲ ਵਾਸੀ ਸੋਨੂੰ ਸ਼ਾਹ ਦਾ ਕਤਲ ਕੀਤਾ ਸੀ।
ਸੋਨੂੰ ਸ਼ਾਹ ਦੇ ਕਤਲ ਤੋਂ ਇਲਾਵਾ ਦੀਪਕ ਨੇ ਸਾਲ 2019 ਵਿੱਚ ਚੰਡੀਗੜ੍ਹ ਸੈਕਟਰ 15 ਵਿੱਚ ਕਾਲਜ ਦੇ ਦੋ ਵਿਦਿਆਰਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।