ਪੰਜਾਬ ‘ਚ ਸੰਗਣੀ ਧੁੰਧ ਕਾਰਨ ਸੜਕ ਹਾਦਸਿਆਂ ਦੇ ਮਾਮਲੇ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ। ਹੁਣ ਅਜਿਹਾ ਹੀ ਮਾਮਲਾ ਪੰਜਾਬ ਦੇ ਜਲੰਧਰ ਦੇ ਪਤਾਰਾ ਤੋਂ ਆਇਆ ਹੈ, ਜਿੱਥੇ ਸੰਗਣੀ ਧੁੰਧ ਕਾਰਨ ਭਿਆਨਕ ਸੜਕ ਹਾਦਸਾ ਹੋਇਆ ਹੈ । ਇਸ ਦਰਦਨਾਕ ਹਾਦਸੇ ‘ਚ ਫੌਜ ਦੇ ਇੱਕ ਲੈਫਟੀਨੈਂਟ ਦੀ ਮੌਤ ਹੋ ਗਈ ਅਤੇ ਜਦਕਿ ਉਸਦੇ ਨਾਲ ਮੌਜੂਦ ਕੈਪਟਨ ਦੀ ਹਾਲਤ ਗੰਭੀਰ ਹੈ। ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ । ਮ੍ਰਿਤਕ ਲੈਫਟੀਨੈਂਟ ਦੀ ਪਛਾਣ ਅੱਛਿਤ ਵਜੋਂ ਹੋਈ ਹੈ,ਜੋ ਕਿ ਹਰਿਆਣਾ ਦਾ ਰਹਿਣ ਵਾਲਾ ਸੀ । ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਆਕਰੀ A.S.I ਜੀਵਨ ਸਿੰਘ ਨੇ ਦੱਸਿਆ ਕਿ ਹਾਦਸਾ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਕਰੀਬ 2:30 ਵਜੇ ਵਾਪਰਿਆ ਸੀ।ਉਨਾਂ ਦੱਸਿਆ ਕਿ ਲੈਫਟੀਨੈਂਟ ਅੱਛਿਤ ਅਤੇ ਕੈਪਟਨ ਯੁਵਰਾਜ ਆਪਣੀ ਕਾਰ ਵਿੱਚ ਸਵਾਰ ਹੋ ਕੇ ਹਰੀਪੁਰ ਰੇਂਜ ‘ਤੋਂ ਜਲੰਧਰ ਕੈਂਟ ਸਥਿਤ ਮੁੱਖ ਦਫ਼ਤਰ ਪਰਤ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਗੱਡੀ ਨਰੰਗਪੁਰ ਨੇੜੇ ਪੁੱਜੀ ਤਾਂ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਜਿਸ ਕਾਰਨ ਇਹ ਦਰਦਨਾਕ ਹਾਦਸਾ ਹੋਇਆ । ਇਸ ਦੌਰਾਨ ਦੋਵੇਂ ਜ਼ਖਮੀ ਹੋ ਗਏ । ਇਸ ਤੋਂ ਬਾਅਦ ਰਾਹਗੀਰਾਂ ਨੇ ਲੈਫਟੀਨੈਂਟ ਅੱਛਿਤ ਨੂੰ ਤੁਰੰਤ ਰਾਮਾਮੰਡੀ ਨੇੜੇ ਜੋਹਲ ਹਸਪਤਾਲ ‘ਚ ਇਲਾਜ ਲਈ ਭਾਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਲੈਫਟੀਨੈਂਟ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।