ਪੰਜਾਬ ਵਿਚ ਸ਼ੁੱਕਰਵਾਰ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ। ਇਸ ਧੁੰਦ ਦੌਰਾਨ ਪਟਿਆਲਾ ਦੇ ਢੇਰੀ ਜੱਟਾਂ ਟੋਲ ਪਲਾਜ਼ਾ ‘ਤੇ ਇੱਕ ਟਰੱਕ ਸਮੇਤ ਤਿੰਨ ਵਾਹਨਾਂ ਦੀ ਟੱਕਰ ਹੋ ਗਈ। ਹਾਲਾਂਕਿ ਇਸ ਹਾਦਸੇ ‘ਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਮੌਸਮ ਵਿੱਚ ਕਾਫੀ ਠੰਡ ਦਰਜ ਕੀਤੀ ਗਈ ਹੈ। ਸੂਬੇ ਦਾ ਘੱਟੋ-ਘੱਟ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ 0.2 ਡਿਗਰੀ ਘੱਟ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ‘ਚ ਵੀ ਧੁੰਦ ਵਧਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅੱਜ ਬਠਿੰਡਾ ਸੂਬੇ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 4.2 ਡਿਗਰੀ ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨ ਨਾਲੋਂ 1.8 ਡਿਗਰੀ ਅਤੇ ਆਮ ਨਾਲੋਂ 1.2 ਡਿਗਰੀ ਘੱਟ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਧੁੰਦ ਵਧੇਗੀ ਪਰ ਇਸ ਧੁੰਦ ਦਾ ਅਸਰ ਸਵੇਰ ਤੱਕ ਹੀ ਰਹੇਗਾ। ਸਵੇਰੇ 9 ਤੋਂ 11 ਵਜੇ ਦੇ ਕਰੀਬ ਧੁੰਦ ਸਾਫ਼ ਹੋ ਜਾਵੇਗੀ ਅਤੇ ਸੂਰਜ ਚਮਕੇਗਾ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।