ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚ ਹੋਈ ਇੰਟਰਵਿਊ ਮਾਮਲੇ ‘ਤੇ ਅੱਜ ADGP ਜੇਲ੍ਹ ਹਾਈਕੋਰਟ ਵਿੱਚ ਪੇਸ਼ ਹੋਏ ਅਤੇ ਇਸ ਦੌਰਾਨ ਉਹਨਾਂ ਨੇ ਜਾਂਚ ਰਿਪੋਰਟ ਅਦਾਲਤ ਨੂੰ ਸੌੰਪੀ। ਜਾਂਚ ਰਿਪੋਰਟ ‘ਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ‘ਚ ਨਹੀਂ ਕਰਵਾਈ ਗਈ।
ਇਸ ਦੌਰਾਨ ਅਦਾਲਤ ਨੇ ਪੁੱਛਿਆ ਕਿ ਫਿਰ ਇੰਟਰਵਿਊ ਆਖਰ ਹੋਈ ਕਿੱਥੇ? ADGP ਜੇਲ੍ਹ ਨੇ ਅਦਾਲਤ ਨੂੰ ਦੱਸਿਆ ਕਿ ਜਿਸ ਸਮੇਂ ਇਹ ਇੰਟਰਵਿਊ ਹੋਈ, ਉਸ ਸਮੇਂ ਬਿਸ਼ਨੋਈ ਪੰਜਾਬ ਜੇਲ੍ਹ ਵਿੱਚ ਨਹੀਂ ਸੀ। ਉਹ ਰਾਜਸਥਾਨ ਜੇਲ੍ਹ ਵਿੱਚ ਸੀ। ਉਹਨਾਂ ਕਿਹਾ ਇੰਟਰਵਿਊ ਰਾਜਸਥਾਨ ਦੀ ਕਿਸੇ ਜੇਲ੍ਹ ’ਚੋਂ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਪੰਜਾਬ ਦੇ ADGP ਜੇਲ੍ਹ ਨੂੰ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ ਸੀ। ਪਿਛਲੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਹਲਫ਼ਨਾਮਾ ਦਾਇਰ ਕੀਤਾ ਗਿਆ ਸੀ, ਜਿਸ ‘ਤੇ ਹਾਈਕੋਰਟ ਨੇ ਅਸੰਤੁਸ਼ਟੀ ਪ੍ਰਗਟਾਈ ਸੀ। ਜਾਂਚ ਕਮੇਟੀ ਨੂੰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੀ ਜਾਂਚ ਕਰਨ ਅਤੇ ਰਿਪੋਰਟ ਪੇਸ਼ ਕਰਨ ਲਈ ਕੁਝ ਹੋਰ ਸਮਾਂ ਚਾਹੀਦਾ ਹੈ।