13 ਦਸੰਬਰ ਨੂੰ ਸੰਸਦ ‘ਚ ਹੋਈ ਘੁਸਪੈਠ ਦੇ ਮਾਮਲੇ ਨੂੰ ਲੈ ਕੇ 8 ਸੁਰੱਖਿਆ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਸੁਰੱਖਿਆ ਕਰਮਚਾਰੀਆਂ ਦੇ ਨਾਂ ਰਾਮਪਾਲ, ਅਰਵਿੰਦ, ਵੀਰ ਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿਤ ਅਤੇ ਨਰਿੰਦਰ ਹਨ। ਪੁਲਿਸ ਸੂਤਰਾਂ ਮੁਤਾਬਿਕ ਮੁਲਜ਼ਮ ਪਹਿਲਾਂ ਵੀ ਸੰਸਦ ਦੇ ਬਾਹਰ ਰੇਕੀ ਕਰ ਚੁੱਕੇ ਹਨ। ਸਾਰੇ ਮੁਲਜ਼ਮ ਇੱਕ Social Media Page ‘Bhagat singh fan club’ ਨਾਲ ਜੁੜੇ ਹੋਏ ਸਨ। ਕਰੀਬ ਡੇਢ ਸਾਲ ਪਹਿਲਾਂ ਸਾਰੇ ਮੁਲਜ਼ਮ Mysore ਵਿੱਚ ਮਿਲੇ ਸਨ। ਦੋਸ਼ੀ ਸਾਗਰ ਜੁਲਾਈ ‘ਚ Lucknow ਤੋਂ Delhi ਆਇਆ ਸੀ ਪਰ ਸੰਸਦ ਭਵਨ ‘ਚ ਦਾਖਲ ਨਹੀਂ ਹੋ ਸਕਿਆ। 10 ਦਸੰਬਰ ਨੂੰ ਇਕ-ਇਕ ਕਰਕੇ ਸਾਰੇ ਆਪੋ-ਆਪਣੇ ਸੂਬਿਆਂ ਤੋਂ ਦਿੱਲੀ ਪਹੁੰਚ ਗਏ। ਘਟਨਾ ਵਾਲੇ ਦਿਨ ਸਾਰੇ ਮੁਲਜ਼ਮ ਇੰਡੀਆ ਗੇਟ ਨੇੜੇ ਇਕੱਠੇ ਹੋਏ, ਜਿੱਥੇ ਸਾਰਿਆਂ ਨੂੰ ਕਲਰ ਸਪਰੇਅ ਵੰਡੀ ਗਈ। ਪੁਲਿਸ ਨੇ ਕਿਹਾ, ਸ਼ੁਰੂਆਤੀ ਜਾਂਚ ਦੇ ਮੁਤਾਬਕ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਦਾ ਮੁੱਖ ਸਾਜ਼ਿਸ਼ਕਰਤਾ ਕੋਈ ਹੋਰ ਹੈ।
ਦੂਜੇ ਪਾਸੇ ਦਿੱਲੀ ਪੁਲਿਸ ਨੇ ਅੱਤਵਾਦ ਵਿਰੋਧੀ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ UAPA ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਲੋਕ ਸਭਾ ਸਕੱਤਰੇਤ ਦੀ ਬੇਨਤੀ ‘ਤੇ ਗ੍ਰਹਿ ਮੰਤਰਾਲੇ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ CRPF ਦੇ ਡਾਇਰੈਕਟਰ ਜਨਰਲ ਅਨੀਸ਼ ਦਿਆਲ ਸਿੰਘ ਦੀ ਅਗਵਾਈ ਵਿੱਚ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਇਸ ਵਿੱਚ ਹੋਰ ਸੁਰੱਖਿਆ ਏਜੰਸੀਆਂ ਅਤੇ ਮਾਹਿਰ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਕੁੱਲ 6 ਮੁਲਜ਼ਮ ਹਨ। ਜਿਨਾਂ ਵਿੱਚੋਂ ਦੋ ਅੰਦਰ ਵੜ ਗਏ ਸਨ ਜਦਕਿ ਦੋ ਬਾਹਰ ਵਿਰੋਧ ਕਰ ਰਹੇ ਸਨ। ਪੁੱਛਗਿੱਛ ਦੌਰਾਨ ਦੋ ਹੋਰ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਹਨ । ਫਿਲਹਾਲ ਪੰਜ ਗ੍ਰਿਫਤਾਰ ਹਨ ਅਤੇ ਇੱਕ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ।