ਪੰਜਾਬ ਵਿੱਚ ਨਸ਼ਾ ਕਿਸ ਹੱਦ ਤਕ ਵੱਧ ਗਿਆ ਹੈ ਇਹ ਗੱਲ ਤਾਂ ਕਿਸੇ ਤੋਂ ਲੁਕੀ ਨਹੀਂ ਹੈ। ਹਰ ਰੋਜ਼ ਅਖਬਾਰ ਦੀਆਂ ਸੁਰਖੀਆਂ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰ ਰਹੀ ਹੈ। ਕਿ ਕਿਵੇ ਪੰਜਾਬ ਦੇ ਨੌਜਵਾਨੀ ਨਸ਼ੇ ਨਾਮਕ ਦੈਤ ਦੇ ਅੜਿੱਕੇ ਚੜ੍ਹ ਗਈ ਹੈ। ਇਸੇ ਕੜੀ ਦੇ ਚੱਲਦਿਆਂ ਲੌਂਗੋਵਾਲ ‘ਚ ਨੌਜਵਾਨ ਨੂੰ ਸ਼ਰੇਆਮ ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ ਕੀਤਾ ਗਿਆ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਨਸ਼ੀਲੀਆਂ ਗੋਲੀਆਂ ਵੇਚਣ ਵਾਲਾ ਵਿਅਕਤੀ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਨੌਜਵਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਫੜਿਆ ਗਿਆ ਸੀ ਪਰ ਪੁਲਿਸ ਵਾਲਿਆਂ ਨੇ ਉਸ ਨੂੰ ਛੱਡ ਦਿੱਤਾ ਸੀ। ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਮੀਡੀਆ ਨੂੰ ਦਿਖਾਇਆ ਕਿ ਕਿਵੇਂ ਅਨਾਜ ਮੰਡੀ ਤੇ ਟਰੱਕ ਯੂਨੀਅਨ ਦੇ ਪਿੱਛੇ ਸੁੰਨਸਾਨ ਜਗ੍ਹਾ ‘ਤੇ ਨੌਜਵਾਨਾਂ ਨੂੰ ਨਸ਼ੇ ਦੇ ਟੀਕੇ ਲਾਏ ਜਾਂਦੇ ਹਨ।
ਦੱਸ ਦਈਏ ਕਿ ਇਸ ਦੌਰਾਨ ਇੱਕ ਸੁੰਨਸਾਨ ਜਗ੍ਹਾ ਤੋਂ ਵੱਡੀ ਮਾਤਰਾ ਵਿੱਚ ਟੀਕੇ ਦੇ ਰੈਪਰ ਮਿਲੇ ਹਨ ਤੇ ਕੁਝ ਨਸ਼ੀਲੇ ਪਦਾਰਥ ਤੇ ਵਰਤੇ ਜਾਂਦੇ ਟੀਕੇ ਵੀ ਮਿਲੇ ਹਨ। ਨਸ਼ਾ ਰੋਕੂ ਐਕਸ਼ਨ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਕੋਈ ਧਿਆਨ ਨਹੀਂ ਦੇ ਰਹੀ। ਵੱਖ-ਵੱਖ ਚੌਕਾਂ ਵਿੱਚ ਸ਼ਰੇਆਮ ਨਸ਼ੇ ਵਿਕ ਰਹੇ ਹਨ ਤੇ ਸੁੰਨਸਾਨ ਥਾਵਾਂ ‘ਤੇ ਟੀਕੇ ਲਗਾ ਕੇ ਨੌਜਵਾਨ ਬਰਬਾਦ ਹੋ ਰਹੇ ਹਨ। ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਸਿਗਨੇਚਰ ਕੈਪਸੂਲ ਐਨਡੀਪੀਐਸ ਦੇ ਦਾਇਰੇ ਵਿੱਚ ਨਹੀਂ ਆਉਂਦੇ। ਇਸ ਲਈ ਡੀਸੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਉਨ੍ਹਾਂ ਨੇ ਧਾਰਾ 188 ਤਹਿਤ ਕਾਰਵਾਈ ਕਰਦਿਆਂ ਗ੍ਰਿਫਤਾਰ ਵਿਅਕਤੀ ਨੂੰ ਰਿਹਾਅ ਕਰ ਦਿੱਤਾ।
ਕੀ ਹੈ ਪੂਰਾ ਮਾਮਲ ?
ਦਰਅਸਲ ਸੰਗਰੂਰ ਦੇ ਲੌਂਗੋਵਾਲ ਕਸਬੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਕੁਝ ਨੌਜਵਾਨਾਂ ਨੇ ਇੱਕ ਵਿਅਕਤੀ ਨੂੰ ਫੜਿਆ ਹੋਇਆ ਹੈ, ਜਿਸ ਦੇ ਹੱਥ ਵਿੱਚ ਇੱਕ ਬੈਗ ਹੈ। ਇਸ ਵਿੱਚ ਭਾਰੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਹਨ ਤੇ ਉੱਥੇ ਪੁਲਿਸ ਦੀ ਇੱਕ ਗੱਡੀ ਖੜ੍ਹੀ ਹੈ। ਵੀਡੀਓ ਵਿੱਚ ਨੌਜਵਾਨ ਗੋਲੀਆਂ ਵੇਚਣ ਵਾਲੇ ਨੂੰ ਪੁਲਿਸ ਦੇ ਹਵਾਲੇ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਨਸ਼ੇ ਵਾਲੀਆਂ ਗੋਲੀਆਂ ਵੇਚਣ ਵਾਲਾ ਵਿਅਕਤੀ ਦੱਸਦਾ ਹੈ ਕਿ ਉਸ ਨੂੰ ਪਹਿਲਾਂ ਵੀ ਏਐਸਆਈ ਰਾਮ ਸਿੰਘ ਨੇ ਫੜਿਆ ਸੀ ਤੇ ਫਿਰ ਛੱਡ ਦਿੱਤਾ ਸੀ। ਹੁਣ ਲੌਂਗੋਵਾਲ ਨਸ਼ਾ ਰੋਕੂ ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਪੁਲਿਸ ਇਸ ਪਾਸੇ ਧਿਆਨ ਕਿਉਂ ਨਹੀਂ ਦੇ ਰਹੀ। ਇਸ ਜਗ੍ਹਾ ‘ਤੇ ਝਾੜੀਆਂ ਦੀ ਸਫ਼ਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ। ਜਦੋਂ ਮੀਡੀਆ ਨੇ ਉੱਥੇ ਜਾ ਕੇ ਦੇਖਿਆ ਤਾਂ ਉਥੇ ਵੱਡੀ ਮਾਤਰਾ ‘ਚ ਵਰਤੇ ਹੋਏ ਟੀਕਿਆਂ ਦੀ ਖੇਪ ਪਈ ਸੀ। ਇੰਨੇ ਜ਼ਿਆਦਾ ਟੀਕਿਆਂ ਦੇ ਰੈਪਰ ਉਥੇ ਪਏ ਸਨ।
ਐਕਸ਼ਨ ਕਮੇਟੀ ਦੇ ਕਨਵੀਨਰ ਪ੍ਰੀਤੀ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੌਜਵਾਨ ਨੇ ਇਸ ਵਿਅਕਤੀ ਨੂੰ ਨਸ਼ੇ ਵਾਲੀਆਂ ਗੋਲੀਆਂ ਸਮੇਤ ਰੰਗੇ ਹੱਥੀਂ ਫੜਿਆ ਸੀ ਤੇ ਫਿਰ ਪੁਲਿਸ ਬੁਲਾ ਕੇ ਉਨ੍ਹਾਂ ਦੇ ਹਵਾਲੇ ਕੀਤਾ ਸੀ। ਉਹ ਖੁੱਲ੍ਹ ਕੇ ਦੱਸ ਰਿਹਾ ਸੀ ਕਿ ਪਹਿਲਾਂ ਵੀ ਅਜਿਹਾ ਹੀ ਹੋਇਆ ਸੀ। ਫੜੇ ਗਏ ਵਿਅਕਤੀ ਨੇ ਦੱਸਿਆ ਹੈ ਕਿ ਉਸ ਨੂੰ ਪਿਛਲੇ ਦਿਨੀਂ ਏਐਸਆਈ ਰਾਮ ਸਿੰਘ ਨੇ ਫੜਿਆ ਸੀ ਤੇ ਫਿਰ ਛੱਡ ਦਿੱਤਾ ਸੀ। ਕਮੇਟੀ ਮੈਂਬਰਾਂ ਨੇ ਕਿਹਾ ਕਿ ਇਹੀ ਸ਼ੰਕਾ ਹੈ ਕਿ ਜੇਕਰ ਉਹ ਫੜਿਆ ਗਿਆ ਸੀ ਤਾਂ ਉਸ ਨੂੰ ਛੱਡਿਆ ਕਿਉਂ ਗਿਆ, ਪੁਲਿਸ ਇਸ ਪ੍ਰਤੀ ਗੰਭੀਰ ਕਿਉਂ ਨਹੀਂ। ਦਾਣਾ ਮੰਡੀ ਵਿੱਚ ਝਾੜੀਆਂ ਦੀ ਸਫ਼ਾਈ ਕਿਉਂ ਨਹੀਂ ਕਰਵਾਈ ਜਾ ਰਹੀ ਹੈ। ਇਹ ਗੱਲ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਦੱਸ ਚੁੱਕੇ ਹਾਂ।