ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਨੌਵਾਂ ਦਿਨ ਹੈ। ਸਵੇਰੇ 11 ਵਜੇ ਜਿਵੇਂ ਹੀ ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋਈ ਤਾਂ ਦੋਵਾਂ ਸਦਨਾਂ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਦੀ ਸੁਰੱਖਿਆ ਵਿੱਚ ਹੋਈ ਉਲੰਘਣਾ ਨੂੰ ਲੈ ਕੇ ਹੰਗਾਮਾ ਕੀਤਾ। ਰਾਜ ਸਭਾ ‘ਚ TMC ਦੇ ਸੰਸਦ ਮੈਂਬਰ ਖੂਬ ਭਿੜ ਗਏ, ਜਿਸ ਨਾਲ ਸਪੀਕਰ ਜਗਦੀਪ ਧਨਖੜ ਨਾਰਾਜ਼ ਹੋ ਗਏ। ਨਾਅਰੇਬਾਜ਼ੀ ਦੌਰਾਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਅਤੇ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨਾਅਰੇਬਾਜ਼ੀ ਤੋਂ ਨਾਰਾਜ਼ ਸਪੀਕਰ ਓਮ ਬਿਰਲਾ ਨੇ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੱਲ੍ਹ ਵਾਪਰੀ ਘਟਨਾ ਨੂੰ ਲੈ ਕੇ ਹਰ ਕੋਈ ਚਿੰਤਤ ਹੈ, ਇਹ ਘਟਨਾ ਮੰਦਭਾਗੀ ਸੀ ਅਤੇ ਇਸ ‘ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਲੋਕ ਸਭਾ ਦੇ ਸਪੀਕਰ ਹੋਣ ਦੇ ਨਾਤੇ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਹਰ ਕਿਸੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਇੱਥੇ ਦੱਸ ਦੇਈਏ ਕਿ ਅੱਜ ਲੋਕ ਸਭਾ ਵਿੱਚ ਤਿੰਨ ਨਵੇਂ ਅਪਰਾਧਿਕ ਬਿੱਲਾਂ ‘ਤੇ ਬਹਿਸ ਹੋਣੀ ਹੈ। ਇਸ ‘ਤੇ 15 ਦਸੰਬਰ ਦਿਨ ਸ਼ੁੱਕਰਵਾਰ ਨੂੰ ਵੋਟਿੰਗ ਹੋਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 11 ਦਸੰਬਰ ਨੂੰ ਤਿੰਨੋਂ ਪੁਰਾਣੇ ਅਪਰਾਧਿਕ ਬਿੱਲ ਵਾਪਸ ਲੈ ਲਏ ਸਨ ਅਤੇ ਉਨ੍ਹਾਂ ਨੂੰ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਪੁਰਾਣੇ ਬਿੱਲ ਦੇ 5 ਸੈਕਸ਼ਨਾਂ ਵਿੱਚ ਬਦਲਾਅ ਕੀਤਾ ਗਿਆ ਹੈ। ਜ਼ਿਆਦਾਤਰ ਸੁਧਾਰ ਵਿਆਕਰਣ ਅਤੇ ਭਾਸ਼ਾ ਨਾਲ ਸਬੰਧਤ ਹਨ। ਸਪੀਕਰ ਓਮ ਬਿਰਲਾ ਨੇ ਤਿੰਨੋਂ ਬਿੱਲਾਂ ‘ਤੇ ਚਰਚਾ ਲਈ ਕੁੱਲ 12 ਘੰਟੇ ਦਾ ਸਮਾਂ ਦਿੱਤਾ ਹੈ।