ਹਾਲ ਹੀ ‘ਚ ਰਿਲੀਜ਼ ਹੋਈ ਰਣਬੀਰ ਕਪੂਰ ਸਟਾਰਰ ਮੂਵੀ ‘ਐਨੀਮਲ’ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ। ਇਹ ਫਿਲਮ ਪੂਰੀ ਦੁਨੀਆ ‘ਚ ਖੂਬ ਕਮਾਈ ਕਰ ਰਹੀ ਹੈ। ਤਾਜ਼ਾ ਰਿਪੋਰਟ ਦੇ ਮੁਤਾਬਕ ਐਨੀਮਲ ਫਿਲਮ ਨੇ ਹੁਣ ਤੱਕ ਪੂਰੀ ਦੁਨੀਆ ‘ਚ 757 ਕਰੋੜ ਦੀ ਕਮਾਈ ਕਰ ਲਈ ਹੈ। ਪਰ ਬਾਵਜੂਦ ਇਸ ਦੇ ਫਿਲਮ ਦਾ ਕਈ ਜਗ੍ਹਾ ‘ਤੇ ਵਿਰੋਧ ਵੀ ਹੋ ਰਿਹਾ ਹੈ। ਜਿਸਦੇ ਚਲਦਿਆ ਹੁਣ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਨੇ ਆਪਣੇ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਐਨੀਮਲ ਫਿਲਮ ਦਾ ਰਿਿਵਿਊ ਕੀਤਾ ਹੈ। ਉਸ ਨੇ ਇਸ ਫਿਲਮ ਨੂੰ ਸਮਾਜ ਲਈ ਕੈਂਸਰ ਦੱਸਿਆ ਹੈ। ਇਸ ਦੇ ਨਾਲ ਨਾਲ ਉਸ ਨੇ ਫਿਲਮ ਦੇ ਡਾਇਰੈਕਟਰ ਸੰਦੀਪ ਰੈੱਡੀ ਵਾਂਗਾਂ ‘ਤੇ ਤਿੱਖੇ ਤੰਜ ਵੀ ਕੱਸ ਦਿੱਤੇ ਹਨ। ਉਸ ਨੇ ਸੰਦੀਪ ਰੈੱਡੀ ਨੂੰ ਬੀਮਾਰ ਮਾਨਸਿਕਤਾ ਵਾਲਾ ਫਿਲਮ ਡਾਇਰੈਕਟਰ ਅਤੇ ਔਰਤ ਵਿਰੋਧੀ ਇਨਸਾਨ ਕਿਹਾ ਹੈ। ਆਪਣੇ ਵੀਡੀਓ ‘ਚ ਉਸ ਨੇ ਸਿਰਫ ਐਨੀਮਲ ਫਿਲਮ ਨੂੰ ਹੀ ਨਹੀਂ, ਬਲਕਿ ਕਬੀਰ ਸਿੰਘ ਫਿਲਮ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਧਰੁਵ ਰਾਠੀ ਨੇ ਇਨ੍ਹਾਂ ਫਿਲਮਾਂ ਦੇ ਡਾਇਰੈਕਟਰ ਸੰਦੀਪ ਰੈੱਡੀ ਨੂੰ ਔਰਤ ਵਿਰੋਧੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੀਆਂ ਫਿਲਮਾਂ ਦੇ ਹੀਰੋ ਮਾਨਸਿਕ ਰੋਗੀ ਲੱਗਦੇ ਹਨ। ਇਸ ਦੇ ਨਾਲ ਨਾਲ ਉਸ ਨੇ ਕਿਹਾ ਕਿ ਕਬੀਰ ਸਿੰਘ ਔਰਤਾਂ ‘ਤੇ ਹੱਥ ਚੁੱਕਦਾ ਹੈ ਅਤੇ ਰਣਵਿਜੇ ਚੀਕਦਾ ਹੈ, ਗੁੱਸਾ ਆਉਣ ‘ਤੇ ਆਪਣੀ ਘਰਵਾਲੀ ਦੇ ਸਿਰ ‘ਤੇ ਬੰਦੂਕ ਤਾਣ ਦਿੰਦਾ ਹੈ। ਇਸ ਤਰ੍ਹਾਂ ਦੀਆਂ ਫਿਲਮਾਂ ਅੱਜ ਕੱਲ੍ਹ ਕਰੋੜਾਂ ਛਾਪ ਰਹੀਆਂ ਹਨ, ਜੋ ਕਿ ਚਿੰਤਾ ਦੀ ਗੱਲ ਹੈ। ਕਿਉਂਕਿ ਕਿਤੇ ਨਾ ਕਿਤੇ ਅੱਜ ਕੱਲ੍ਹ ਦਾ ਯੂਥ ਇਸ ਮਾਨਸਿਕਤਾ ਨੂੰ ਸਮਰਥਨ ਦਿੰਦਾ ਨਜ਼ਰ ਆਉਂਦਾ ਹੈ