ਪੰਜਾਬ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਬੀਤੇ ਦਿਨੀ ਖ਼ਬਰ ਆਈ ਸੀ ਕਿ ਜ਼ੀਰਕਪੁਰ ‘ਚ ਪੰਜਾਬ ਪੁਲਿਸ ਨੇ ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਬੋਵਾਲੀਆ ਦਾ ਐਨਕਾਊਂਟਰ ਕੀਤਾ ਸੀ, ਹੁਣ ਇਸਦੇ ਥੋੜੀ ਹੀ ਦੇਰ ਬਾਅਦ ਭਾਵ ਬੀਤੀ ਰਾਤ ਨੂੰ ਲੁਧਿਆਣਾ ਵਿੱਚ ਗੈਂਗਸਟਰ ਸੁਖਦੇਵ ਉਰਫ ਵਿੱਕੀ ਦਾ ਐਨਕਾਊਂਟਰ ਕਰ ਦਿੱਤਾ ਗਿਆ ਬੁੱਧਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਸੁਖਦੇਵ ਉਰਫ ਵਿੱਕੀ ਲੁਧਿਆਣਾ ਦੇ ਇਲਾਕੇ ‘ਚ ਘੁੰਮ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਕੋਹਾੜਾ-ਮਾਛੀਵਾੜਾ ਰੋਡ ਤੇ ਪਿੰਡ ਪੰਜੇਟਾ ਨੇੜੇ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਪੁਲੀਸ ਉਸ ਦੇ ਪਿੱਛੇ ਹੈ। ਉਸ ਨੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ।
ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਬਾਰੀ ਕੀਤੀ। ਪੁਲਿਸ ਟੀਮ ਦੀਆਂ ਗੋਲੀਆਂ ਲੱਗਣ ਕਾਰਨ ਗੈਂਗਸਟਰ ਸੁਖਦੇਵ ਦੀ ਮੌਤ ਹੋ ਗਈ। ਗੋਲੀ ਲੱਗਣ ਨਾਲ ਇੱਕ ASI ਵੀ ਜ਼ਖ਼ਮੀ ਹੋ ਗਿਆ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਕਿਹਾ ਕਿ ਇਹ 4 ਵਿਅਕਤੀਆਂ ਦਾ ਗੈਂਗ ਸੀ। ਇਹ ਲੋਕ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਸਰਗਰਮ ਸਨ। ਉਸ ਨੇ ਸ਼ਰਾਬ ਦੇ ਠੇਕੇਦਾਰ, ਕੈਮਿਸਟ ਅਤੇ ਮਨੀ ਐਕਸਚੇਂਜਰ ਨੂੰ ਗੋਲੀ ਮਾਰ ਦਿੱਤੀ। ਉਦੋਂ ਤੋਂ ਹੀ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਜਦੋਂ ਪੁਲਿਸ ਨੇ ਗੈਂਗਸਟਰ ਨੂੰ ਸਰੰਡਰ ਕਰਨ ਲਈ ਕਿਹਾ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੈਂਗਸਟਰ ਸੁਖਦੇਵ ਮਾਛੀਵਾੜਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਉਸ ਦੇ ਤਿੰਨ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।