ਬੀਤੇ ਦਿਨੀਂ ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ ‘ਚ ਹੋਈ ਕੁਤਾਹੀ ਦੇ ਮਾਮਲੇ ਵਿੱਚ ਨਵੇਂ ਖੁਲਾਸੇ ਹੋਏ ਹਨ। ਸਾਰੇ ਮੁਲਜ਼ਮ ਇੱਕ ਸੋਸ਼ਲ ਮੀਡੀਆ ਪੇਜ ‘ਭਗਤ ਸਿੰਘ ਫੈਨ ਕਲੱਬ’ ਨਾਲ ਜੁੜੇ ਹੋਏ ਸਨ। ਕਰੀਬ ਡੇਢ ਸਾਲ ਪਹਿਲਾਂ ਸਾਰੇ ਮੁਲਜ਼ਮ ਮੈਸੂਰ ਵਿੱਚ ਮਿਲੇ ਸਨ। ਦੋਸ਼ੀ ਸਾਗਰ ਜੁਲਾਈ ‘ਚ ਲਖਨਊ ਤੋਂ ਦਿੱਲੀ ਆਇਆ ਸੀ ਪਰ ਸੰਸਦ ਭਵਨ ‘ਚ ਦਾਖਲ ਨਹੀਂ ਹੋ ਸਕਿਆ। 10 ਦਸੰਬਰ ਨੂੰ ਇਕ-ਇਕ ਕਰਕੇ ਸਾਰੇ ਆਪੋ-ਆਪਣੇ ਸੂਬਿਆਂ ਤੋਂ ਦਿੱਲੀ ਪਹੁੰਚ ਗਏ। ਘਟਨਾ ਵਾਲੇ ਦਿਨ ਸਾਰੇ ਮੁਲਜ਼ਮ ਇੰਡੀਆ ਗੇਟ ਨੇੜੇ ਇਕੱਠੇ ਹੋਏ, ਜਿੱਥੇ ਸਾਰਿਆਂ ਨੂੰ ਕਲਰ ਸਪਰੇਅ ਵੰਡੀ ਗਈ। ਪੁਲਿਸ ਨੇ ਕਿਹਾ, ਸ਼ੁਰੂਆਤੀ ਜਾਂਚ ਦੇ ਮੁਤਾਬਕ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਦਾ ਮੁੱਖ ਸਾਜ਼ਿਸ਼ਕਰਤਾ ਕੋਈ ਹੋਰ ਹੈ।
ਦੂਜੇ ਪਾਸੇ ਦਿੱਲੀ ਪੁਲਿਸ ਨੇ ਅੱਤਵਾਦ ਵਿਰੋਧੀ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ UAPA ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਲੋਕ ਸਭਾ ਸਕੱਤਰੇਤ ਦੀ ਬੇਨਤੀ ‘ਤੇ ਗ੍ਰਹਿ ਮੰਤਰਾਲੇ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ CRPF ਦੇ ਡਾਇਰੈਕਟਰ ਜਨਰਲ ਅਨੀਸ਼ ਦਿਆਲ ਸਿੰਘ ਦੀ ਅਗਵਾਈ ਵਿੱਚ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਇਸ ਵਿੱਚ ਹੋਰ ਸੁਰੱਖਿਆ ਏਜੰਸੀਆਂ ਅਤੇ ਮਾਹਿਰ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਕੁੱਲ 6 ਮੁਲਜ਼ਮ ਹਨ। ਜਿਨਾਂ ਵਿੱਚੋਂ ਦੋ ਅੰਦਰ ਵੜ ਗਏ ਸਨ ਜਦਕਿ ਦੋ ਬਾਹਰ ਵਿਰੋਧ ਕਰ ਰਹੇ ਸਨ। ਪੁੱਛਗਿੱਛ ਦੌਰਾਨ ਦੋ ਹੋਰ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਹਨ । ਫਿਲਹਾਲ ਪੰਜ ਗ੍ਰਿਫਤਾਰ ਹਨ ਅਤੇ ਇੱਕ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ।
ਹੁਣ ਇਸ ਸਭ ਤੋਂ ਬਾਅਦ ਨਵੀਂ ਸੰਸਦ ‘ਚ ਸੁਰੱਖਿਆ ਪ੍ਰੋਟੋਕੋਲ ‘ਚ ਕਈ ਬਦਲਾਅ ਕੀਤੇ ਜਾ ਰਹੇ ਹਨ-
1. ਸੰਸਦ ਮੈਂਬਰਾਂ, ਸਟਾਫ ਮੈਂਬਰਾਂ ਅਤੇ ਪੱਤਰਕਾਰਾਂ ਲਈ ਵੱਖਰੇ ਪ੍ਰਵੇਸ਼ ਗੇਟ ਹੋਣਗੇ। ਸੈਲਾਨੀਆਂ ਨੂੰ ਚੌਥੇ ਗੇਟ ਰਾਹੀਂ ਅੰਦਰ ਜਾਣ ਦੀ ਇਜਾਜ਼ਤ ਹੋਵੇਗੀ।
2. ਵਿਜ਼ਟਰ ਪਾਸ ਜਾਰੀ ਕਰਨ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।
3. ਦਰਸ਼ਕ ਗੈਲਰੀ ਦੇ ਆਲੇ-ਦੁਆਲੇ ਸ਼ੀਸ਼ੇ ਦੀ ਢਾਲ ਲਗਾਈ ਜਾਵੇਗੀ, ਤਾਂ ਜੋ ਕੋਈ ਵੀ ਛਾਲ ਮਾਰ ਕੇ ਸਦਨ ਵਿੱਚ ਦਾਖਲ ਨਾ ਹੋ ਸਕੇ।
4. ਹਵਾਈ ਅੱਡਿਆਂ ਵਾਂਗ ਬਾਡੀ ਸਕੈਨ ਮਸ਼ੀਨਾਂ ਲਗਾਈਆਂ ਜਾਣਗੀਆਂ।
5. ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵੀ ਵਧਾਈ ਜਾਵੇਗੀ।