ਛੱਤੀਸਗੜ੍ਹ ਵਿੱਚ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾਂ ਨਰਾਇਣਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਨੇ IED ਧਮਾਕਾ ਕੀਤਾ ਹੈ। ਇਸ ਧਮਾਕੇ ‘ਚ CAF ਕਾਂਸਟੇਬਲ ਕਮਲੇਸ਼ ਸਾਹੂ ਸ਼ਹੀਦ ਹੋ ਗਏ ਜਦਕਿ ਕਾਂਸਟੇਬਲ ਵਿਨੈ ਕੁਮਾਰ ਸਾਹੂ ਜ਼ਖਮੀ ਹੋਏ ਹਨ। ਜ਼ਖਮੀ ਕਾਂਸਟੇਬਲ ਵਿਨੈ ਕੁਮਾਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ CAF ਦੇ ਸਿਪਾਹੀ ਅਮਦਾਈ ਖਾਨ ਦੇ ਕੋਲ ਸੇਵਾ ਕਰਨ ਲਈ ਨਿਕਲੇ ਸਨ, ਇਸ ਦੌਰਾਨ IED ਧਮਾਕਾ ਹੋ ਗਿਆ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਨਕਸਲੀਆਂ ਨੇ ਸੁਕਮਾ ਜ਼ਿਲ੍ਹੇ ਵਿੱਚ ਇੱਕ ਆਈਈਡੀ ਧਮਾਕਾ ਕੀਤਾ ਸੀ। ਇਸ ‘ਚ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਇਹ ਧਮਾਕਾ ਕਿਸਤਾਰਾਮ ਥਾਣਾ ਖੇਤਰ ‘ਚ ਹੋਇਆ। ਇੱਥੇ ਸੁਰੱਖਿਆ ਕਰਮਚਾਰੀਆਂ ਦੀ ਸਾਂਝੀ ਟੀਮ ਸੜਕ ਨਿਰਮਾਣ ਦੇ ਕੰਮ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਗਸ਼ਤ ਕਰ ਰਹੀ ਸੀ। ਫਿਰ ਇਹ ਧਮਾਕਾ ਹੋਇਆ।
ਛੱਤੀਸਗੜ੍ਹ ਵਿੱਚ ਦੂਜੇ ਪੜਾਅ ਦੀ ਵੋਟਿੰਗ ਵਾਲੇ ਦਿਨ ਵੀ ਨਕਸਲੀਆਂ ਨੇ ਨਾਪਾਕ ਹਰਕਤਾਂ ਕੀਤੀਆਂ ਸਨ। ਨਕਸਲੀਆਂ ਨੇ ਧਮਤਰੀ ਵਿੱਚ ਸੀਆਰਪੀਐਫ ਦੀ ਟੀਮ ਉੱਤੇ ਹਮਲਾ ਕੀਤਾ ਸੀ। ਨਕਸਲੀਆਂ ਨੇ ਗਸ਼ਤ ‘ਤੇ ਨਿਕਲੀਆਂ ਸੀਆਰਪੀਐਫ ਅਤੇ ਡੀਆਰਜੀ ਦੀਆਂ ਟੀਮਾਂ ‘ਤੇ ਇਕ ਤੋਂ ਬਾਅਦ ਇਕ ਆਈਈਡੀ ਧਮਾਕੇ ਕੀਤੇ। ਹਾਲਾਂਕਿ ਇਸ ਦੌਰਾਨ ਬਾਈਕ ‘ਤੇ ਸਵਾਰ ਸੀਆਰਪੀਐੱਫ ਦੇ 2 ਜਵਾਨ ਵਾਲ-ਵਾਲ ਬਚ ਗਏ।