ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਲੁਧਿਆਣਾ ‘ਚ ਆਤਮ ਨਗਰ ਦੇ ਕਾਂਗਰਸ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੀ ਅਗਵਾਈ ਹੇਠ ਨੀਤੀਆਂ ਅਤੇ ਜ਼ਿਆਦਤੀਆਂ ਕਾਰਨ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ। ਉਹਨਾਂ ਕਿਹਾ ਕਿ ਪਾਰਟੀ ‘ਚ ਉਹਨਾਂ ਦਾ ਸਫ਼ਰ ਬਹੁਤ ਵਧੀਆ ਰਿਹਾ ਹੈ ਪਰ ਪੰਜਾਬ ‘ਚ ਮੌਜੂਦਾ ਲੀਡਰਸ਼ਿਪ ਕਾਰਨ ਉਨ੍ਹਾਂ ਨੂੰ ਇਹ ਸਖ਼ਤ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਿਆ
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਕਮਲਜੀਤ ਸਿੰਘ ਕੜਵਲ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ ਸਨ। ਪਹਿਲਾਂ ਕਮਲਜੀਤ ਸਿੰਘ ਨੇ ਸਿਮਰਜੀਤ ਸਿੰਘ ਬੈਂਸ ਦੀ ਪਾਰਟੀ ਜੁਆਇਨ ਕੀਤੀ ਸੀ। ਉਸ ਤੋਂ ਬਾਅਦ ਕਾਂਗਰਸ ‘ਚ ਸ਼ਾਮਲ ਹੋ ਕੇ ਉਨ੍ਹਾਂ ਨੇ ਸਿਮਰਜੀਤ ਬੈਂਸ ਖ਼ਿਲਾਫ਼ ਚੋਣਾਂ ਲੜੀਆਂ ਸਨ। ਇਹ ਵੀ ਦੱਸ ਦੇਈਏ ਕਿ ਕਮਲਜੀਤ ਸਿੰਘ ਕੜਵਲ ਨਵਜੋਤ ਸਿੰਘ ਸਿੱਧੂ ਦੇ ਕਾਫ਼ੀ ਕਰੀਬੀ ਹਨ। ਇਸ ਗੱਲ ਦਾ ਵੀ ਪਤਾ ਲੱਗਾ ਹੈ ਕਿ ਅੱਜ ਦੁਪਹਿਰ ਬਾਅਦ 3 ਵਜੇ ਕਮਲਜੀਤ ਸਿੰਘ ਕੜਵਲ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ।