ਜਲੰਧਰ ਦੇ ਅਰਜੁਨ ਨਗਰ ਨੇੜੇ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 18 ਸਾਲਾ ਲੜਕੀ ਰਾਗਿਨੀ ਦੀ ਸੜੀ ਹੋਈ ਲਾਸ਼ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਪਿਛਲੇ 24 ਘੰਟਿਆਂ ਤੋਂ ਲਾਪਤਾ ਸੀ। ਪਰਿਵਾਰ ਵੱਲੋਂ ਲਗਾਤਾਰ ਭਾਲ ਕਰਨ ਤੋਂ ਬਾਅਦ ਅੱਜ ਸਵੇਰੇ 8 ਵਜੇ ਕੁੜੀ ਦੇ ਘਰ ਨੇੜੇ ਇਕ ਪਲਾਟ ਵਿੱਚ ਲੜਕੀ ਦੀ ਅੱਧ ਸੜੀ ਹੋਈ ਲਾਸ਼ ਦੇਖੀ ਗਈ। ਜਿਸ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ।
ਕੁੜੀ ਦੇ ਪਿਤਾ ਕਿਸ਼ੋਰੀ ਲਾਲ ਨੇ ਦੱਸਿਆ ਕਿ ਕੱਲ੍ਹ ਸਵੇਰੇ ਲੜਕੀ ਹਰ ਰੋਜ਼ ਦੀ ਤਰ੍ਹਾਂ 9 ਵਜੇ ਸਕੂਲ ਗਈ ਸੀ। ਦੁਪਹਿਰ ਬਾਅਦ ਜਦੋਂ ਲੜਕੀ ਦੀ ਮਾਂ ਘਰ ਆਈ ਤਾਂ ਲੜਕੀ ਘਰ ਨਹੀਂ ਸੀ। ਪੀੜਤ ਪਰਿਵਾਰ ਨੇ ਤੁਰੰਤ ਰਾਗਿਨੀ ਦੀਆਂ ਸਹੇਲੀਆਂ ਤੋਂ ਉਸ ਦਾ ਪਤਾ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਸਕੂਲ ਤੋਂ ਉਨ੍ਹਾਂ ਨਾਲ ਨਹੀਂ ਆਈ ਸੀ।
ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਕੁੜੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਆਖਰਕਾਰ 24 ਘੰਟਿਆਂ ਬਾਅਦ ਕੁੜੀ ਦੀ ਲਾਸ਼ ਕੁੜੀ ਦੇ ਘਰ ਨੇੜੇ ਇਕ ਪਲਾਟ ‘ਚੋ ਬਰਾਮਦ ਹੋਈ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਘਟਨਾ ਸਥਾਨ ‘ਤੇ ਪਹੁੰਚ ਕੇ ਜਾਂਚ ਕਰ ਚੁੱਕੀ ਹੈ। ਏਡੀਸੀਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਮਾਮਲਾ ਕਤਲ ਦਾ ਜਾਪਦਾ ਹੈ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।