ਲੁਧਿਆਣਾ ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਲੱਕੀ ਸੰਧੂ ਦੀ ਵਿਆਹ ਵਿੱਚ ਨੱਚਦੇ ਦਾ ਵੀਡੀਓ ਸੋਸ਼ਲ ਮੀਡਿਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਖੜੇ ਹੋਏ ਹਨ। ਬੀਮਾਰੀ ਦਾ ਬਹਾਨਾ ਬਣਾ ਕੇ ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਬੇਵਕੂਫ ਬਣਾ ਦਿੱਤਾ। ਜੇਲ੍ਹ ਪ੍ਰਸ਼ਾਸਨ ਉਸ ਦੇ ਝਾਂਸੇ ’ਚ ਆ ਗਿਆ। ਜਿਸ ਤੋਂ ਬਾਅਦ PGI ਤੋਂ Check Up ਕਰਵਾਉਣ ਲਈ ਉਸ ਨੂੰ ਜ਼ਿਲ੍ਹਾ ਪੁਸ ਦੇ ਹਵਾਲੇ ਕਰ ਦਿੱਤਾ ਪਰ ਪੁਲਿਸ ਦੇ ਨਾਲ ਮਿਲੀਭੁਗਤ ਕਰ ਕੇ ਲੱਕੀ ਸੰਧੂ ਰਾਏਕੋਟ ਦੇ ਇਕ ਵਿਆਹ ਸਮਾਗਮ ’ਚ ਪਹੁੰਚ ਗਿਆ, ਜਿੱਥੇ ਉਸ ਨੇ ਨਾ ਸਿਰਫ ਵਿਆਹ ਅਟੈਂਡ ਕੀਤਾ, ਸਗੋਂ ਜੰਮ ਕੇ ਭੰਗੜਾ ਵੀ ਪਾਇਆ। ਉਸ ਸਮੇਂ ਉਸ ਦਾ ਭਰਾ ਵੀ ਵਿਆਹ ’ਚ ਉਸ ਨਾਲ ਮੌਜੂਦ ਸੀ। ਉਨ੍ਹਾਂ ਦੋਹਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਇਸ ਮਾਮਲੇ ’ਚ ਗੁਰਵੀਰ ਸਿੰਘ ਗਰਚਾ ਨੇ ਸਾਰੇ ਸਬੂਤਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀ. ਜੀ. ਪੀ. ਗੌਰਵ ਯਾਦਵ ਸਮੇਤ ਜੇਲ੍ਹ ਪ੍ਰਸ਼ਾਸਨ ਅਤੇ ਕਮਿਸ਼ਨਰੇਟ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਹੁਣ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ ਹਨ। ਹਾਲਾਂਕਿ ਜਦੋਂ ਸ਼ਿਕਾਇਤਕਰਤਾ ਨੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਪੱਲਾ ਝਾੜਦੇ ਹੋਏ ਇਹ ਜ਼ਿੰਮੇਵਾਰੀ ਜ਼ਿਲ੍ਹਾ ਕਮਿਸ਼ਨਰੇਟ ਪੁਲਿਸ ਦੀ ਦੱਸੀ ਹੈ।
ਉੱਧਰ, ਕਮਿਸ਼ਨਰੇਟ ਪੁਲਿਸ ਕੋਲ ਵੀ ਇਸ ਦੀ ਸ਼ਿਕਾਇਤ ਪਹੁੰਚ ਗਈ ਹੈ। ਸ਼ਿਕਾਇਤਕਰਤਾ ਗੁਰਵੀਰ ਸਿੰਘ ਗਰਚਾ ਨੇ ਦੱਸਿਆ ਕਿ ਉਸ ਦੇ ਬਿਆਨਾਂ ’ਤੇ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਦੇ ਖ਼ਿਲਾਫ਼ 2 ਕੇਸ ਦਰਜ ਕਰਵਾਏ ਸਨ। ਇਕ ਮੋਹਾਲੀ ਅਤੇ ਦੂਜਾ ਲੁਧਿਆਣਾ ਦੇ ਮਾਡਲ ਟਾਊਨ ’ਚ ਦਰਜ ਹੈ, ਜਿਸ ਵਿਚ ਇਕ ਕੇਸ ਹਨੀ ਟਰੈਪ ਦਾ ਹੈ, ਜਦੋਂਕਿ ਦੂਜੇ ’ਚ ਉਸ ਨੇ ਗੈਂਗਸਟਰਾਂ ਜ਼ਰੀਏ ਉਸ ਨੂੰ ਧਮਕਾਇਆ ਸੀ। ਇਸ ਤੋਂ ਇਲਾਵਾ ਉਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਕੁੱਲ 9 ਕੇਸ ਦਰਜ ਹਨ, ਜਿਨ੍ਹਾਂ ’ਚ ਸਤੰਬਰ 2023 ਨੂੰ ਥਾਣਾ ਸਾਹਨੇਵਾਲ ’ਚ ਉਸ ਦੇ ਇਕ ਕੇਸ ’ਚ ਗਵਾਹ ਨੂੰ ਗੰਨ ਪੁਆਇੰਟ ’ਤੇ ਕਿਡਨੈਪ ਕਰ ਕੇ ਉਸ ਨਾਲ ਕੁੱਟ-ਮਾਰ ਅਤੇ ਲੁੱਟਣ ਦਾ ਕੇਸ ਦਰਜ ਹੈ। ਉਸ ਕੇਸ ’ਚ ਉਸ ਦਾ ਭਰਾ ਵੀ ਨਾਮਜ਼ਦ ਸੀ, ਜੋ ਜ਼ਮਾਨਤ ’ਤੇ ਬਾਹਰ ਹੈ ਪਰ ਅਜੇ ਲੱਕੀ ਸੰਧੂ ਜੇਲ੍ਹ ’ਚ ਬੰਦ ਹੈ।