ਟੀ-20 ਵਿਸ਼ਵ ਕੱਪ 2024 ਲਈ ਹੁਣ ਮਹਿਜ਼ ਕੁਝ ਦਿਨਾਂ ਦਾ ਹੀ ਸਮਾਂ ਰਹਿ ਗਿਆ ਹੈ। ਆਈਪੀਐੱਲ ਤੋਂ ਠੀਕ ਬਾਅਦ ਜੂਨ ‘ਚ ਇਹ ਟੂਰਨਾਮੈਂਟ ਖੇਡਿਆ ਜਾਣਾ ਹੈ। ਅਜਿਹੇ ‘ਚ ਇਸ ਟੂਰਨਾਮੈਂਟ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਹੈ। ਇਸਦੇ ਵਿਚਕਾਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ‘ਚ ਵੀ ਭਾਰਤੀ ਟੀਮ ਦੇ ਕਪਤਾਨ ਹੋਣਗੇ?
ਇਹ ਸਵਾਲ ਇਸ ਲਈ ਵੀ ਵਾਰ-ਵਾਰ ਸਾਹਮਣੇ ਆ ਰਿਹਾ ਹੈ ਕਿਉਂਕਿ ਪਿਛਲੇ ਟੀ-20 ਹਿਟਮੈਨ ਨੇ ਵਿਸ਼ਵ ਕੱਪ ਤੋਂ ਬਾਅਦ ਹਿਟਮੈਨ ਨੇ ਇੱਕ ਵੀ ਟੀ-20 ਅੰਤਰਰਾਸ਼ਟਰੀ ਨਹੀਂ ਖੇਡਿਆ ਹੈ। ਹੁਣ ਤੱਕ ਉਹ ਵਨਡੇ ਵਿਸ਼ਵ ਕੱਪ ‘ਤੇ ਧਿਆਨ ਦੇਣ ਕਾਰਨ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈਟ ਤੋਂ ਦੂਰ ਸੀ, ਪਰ ਹੁਣ ਜਦੋਂ ਵਿਸ਼ਵ ਕੱਪ ਖਤਮ ਹੋ ਗਿਆ ਹੈ ਅਤੇ ਰੋਹਿਤ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ‘ਚ ਵੀ ਨਹੀਂ ਹਨ, ਤਾਂ ਉਨ੍ਹਾਂ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ‘ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ।
ਰੋਹਿਤ ਸ਼ਰਮਾ ਨਾਲ ਸਬੰਧਤ ਸਵਾਲ ਜਦੋਂ BCCI ਸਕੱਤਰ ਜੈ ਸ਼ਾਹ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਇਸ ਮਾਮਲੇ ‘ਤੇ ਉਹ ਗੋਲ-ਮੋਲ ਜਵਾਬ ਦਿੰਦੇ ਨਜ਼ਰ ਆਏ। ਮੁੰਬਈ ‘ਚ ਸ਼ਨੀਵਾਰ (9 ਦਸੰਬਰ) ਨੂੰ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਦੌਰਾਨ ਜੈ ਸ਼ਾਹ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ‘ਚ ਰੋਹਿਤ ਸ਼ਰਮਾ ਦੀ ਜਗ੍ਹਾ ਬਾਰੇ ਸਵਾਲ ਪੁੱਛਿਆ ਗਿਆ। ਇਸ ‘ਤੇ ਜੈ ਸ਼ਾਹ ਨੇ ਕਿਹਾ, ‘ਇਸ ਮਾਮਲੇ ‘ਚ ਇਕਦਮ ਸਪੱਸ਼ਟਤਾ ਦੀ ਕੀ ਲੋੜ ਹੈ? ਇਹ ਜੂਨ ਵਿੱਚ ਸ਼ੁਰੂ ਹੋਣਾ ਹੈ। ਇਸ ਤੋਂ ਪਹਿਲਾਂ ਸਾਡੇ ਕੋਲ ਆਈ.ਪੀ.ਐੱਲ ਹੈ, ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਵੀ ਹੈ।