ਹਾਲ ਹੀ ‘ਚ ਪੁਰਸ਼ਾਂ ਦੇ ਅੰਡਰ-19 ਵਿਸ਼ਵ ਕੱਪ ਦੀ ਸਮਾਂ ਸਾਰਣੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੂਰਨਾਮੈਂਟ ਦਾ ਆਗਾਜ਼ 19 ਜਨਵਰੀ 2024 ਤੋਂ ਸ਼ੁਰੂ ਹੋ ਕੇ 11 ਫਰਵਰੀ ਤਕ ਖੇਡਿਆ ਜਾਵੇਗਾ। ਇਸ ਦੌਰਾਨ ਕੁੱਲ 41 ਮੈਚ ਖੇਡੇ ਜਾਣਗੇ। ਭਾਰਤੀ ਟੀਮ ਇੱਥੇ 20 ਜਨਵਰੀ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਆਈਸੀਸੀ ਨੇ ਸੋਮਵਾਰ ਸ਼ਾਮ ਨੂੰ ਅੰਡਰ-19 ਵਿਸ਼ਵ ਕੱਪ ਦਾ ਪੂਰਾ ਸ਼ਡਿਊਲ ਜਾਰੀ ਕੀਤਾ। ਅਤੇ ਜਾਣਕਾਰੀ ਦਿੱਤੀ ਹੈ ਕੀ ਇਸ ਵਾਰ ਵਿਸ਼ਵ ਕੱਪ ਵਿੱਚ ਚਾਰ ਗਰੁੱਪ ਬਣਾਏ ਗਏ ਹਨ। ਚਾਰ-ਚਾਰ ਟੀਮਾਂ ਨੂੰ ਸਾਰੇ ਚਾਰ ਗਰੁੱਪਾਂ ਵਿੱਚ ਰੱਖਿਆ ਗਿਆ ਹੈ। ਹਰ ਟੀਮ ਆਪਣੇ ਗਰੁੱਪ ਦੀਆਂ ਬਾਕੀ ਤਿੰਨ ਟੀਮਾਂ ਵਿਰੁੱਧ ਇਕ-ਇਕ ਮੈਚ ਖੇਡੇਗੀ। ਸਾਰੇ ਚਾਰ ਗਰੁੱਪਾਂ ਵਿੱਚ ਚੋਟੀ ਦੀਆਂ 3 ਟੀਮਾਂ ਅਗਲੇ ਦੌਰ ਵਿੱਚ ਪ੍ਰਵੇਸ਼ ਕਰਨਗੀਆਂ। ਭਾਵ ਦੂਜੇ ਦੌਰ ਵਿੱਚ ਕੁੱਲ 12 ਟੀਮਾਂ ਹੋਣਗੀਆਂ। ਇੱਥੇ ਹਰ ਟੀਮ ਦੂਜੇ ਗਰੁੱਪ ਦੀਆਂ ਦੋ ਟੀਮਾਂ ਨਾਲ ਇੱਕ-ਇੱਕ ਮੈਚ ਖੇਡੇਗੀ। ਭਾਵ ਹਰ ਟੀਮ ਦੇ ਇਸ ਦੌਰ ਵਿੱਚ ਦੋ ਮੈਚ ਹੋਣਗੇ। ਇਸ ਕਾਰਨ ਟਾਪ-4 ਟੀਮਾਂ ਸੈਮੀਫਾਈਨਲ ‘ਚ ਪਹੁੰਚ ਜਾਣਗੀਆਂ। ਸੈਮੀਫਾਈਨਲ ਅਤੇ ਫਾਈਨਲ ਲਈ ਵੀ ਰਿਜ਼ਰਵ ਡੇ ਰੱਖਿਆ ਗਿਆ ਹੈ।
ਭਾਰਤੀ ਟੀਮ ਇੱਥੇ ਗਰੁੱਪ A ਵਿੱਚ ਹੈ, ਇਸਦੇ ਨਾਲ ਬੰਗਲਾਦੇਸ਼, ਆਇਰਲੈਂਡ ਅਤੇ ਅਮਰੀਕਾ ਦੀਆਂ ਟੀਮਾਂ ਹਨ। ਗਰੁੱਪ ਗੇੜ ਵਿੱਚ ਭਾਰਤੀ ਟੀਮ ਆਪਣਾ ਪਹਿਲਾ ਮੈਚ 20 ਜਨਵਰੀ ਨੂੰ ਬੰਗਲਾਦੇਸ਼ ਨਾਲ, ਦੂਜਾ ਮੈਚ 25 ਜਨਵਰੀ ਨੂੰ ਆਇਰਲੈਂਡ ਨਾਲ ਅਤੇ ਤੀਜਾ ਮੈਚ 28 ਜਨਵਰੀ ਨੂੰ ਅਮਰੀਕਾ ਨਾਲ ਖੇਡੇਗੀ।