ਰਣਬੀਰ ਕਪੂਰ ਦੀ ਫਿਲਮ ‘ANIMAL’ 1 ਦਿਸੰਬਰ ਨੂੰ ਸਿਨੇਮਾਂਘਰਾਂ ‘ਚ ਰੀਲਿਜ਼ ਹੋਈ । ਫਿਲਮ ‘ਚ ਦਿਖਾਏ ਗਏ ਕੁੱਝ ਸੀਨਸ ਨੂੰ ਲੈ ਕੇ ਦਰਸ਼ਕਾਂ ਨੇ ਕਾਫੀ ਨਿੰਦਾ ਕੀਤੀ ਹੈ। ਹੁਣ ਖ਼ਬਰ ਆਈ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਨੂੰ ਪੱਤਰ ਲਿਖ ਕੇ ਫਿਲਮ ‘ਐਨੀਮਲ’ ਦੇ ਕੁਝ ਦ੍ਰਿਸ਼ਾਂ ’ਤੇ ਇਤਰਾਜ਼ ਪ੍ਰਗਟਾਉਂਦਿਆਂ ਇਨ੍ਹਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੱਲ ਆਖੀ ਹੈ। ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਤੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦਾ ਕਹਿਣਾ ਹੈ ਕਿ ਫਿਲਮ ਦੇ ਕੁੱਝ ਇਤਰਾਜ਼ਯੋਗ ਦ੍ਰਿਸ਼ਾਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵਿੰਦਰ ਭਾਕਰ ਨੂੰ ਭੇਜੇ ਇੱਕ ਪੱਤਰ ਵਿੱਚ ਫੈਡਰੇਸ਼ਨ ਦੇ ਆਗੂਆਂ ਨੇ ਅਪੀਲ ਕੀਤੀ ਹੈ ਕਿ ਇਨ੍ਹਾਂ ਇਤਰਾਜ਼ਾਂ ਨੂੰ ਦੂਰ ਕਰਨ ਲਈ ਤੁਰੰਤ ਦਖਲ ਦਿੱਤਾ ਜਾਵੇ। ਫ਼ਿਲਮ ਵਿੱਚ ਇਤਰਾਜ਼ਯੋਗ ਦ੍ਰਿਸ਼ਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਦ੍ਰਿਸ਼ਾਂ ਵਿੱਚ ਰਣਬੀਰ ਕਪੂਰ ਵੱਲੋਂ ਸਿਗਰਟ ਪੀਂਦੇ ਹੋਏ ਇੱਕ ਗੁਰਸਿੱਖ ਵਿਅਕਤੀ ਦੇ ਚਿਹਰੇ ’ਤੇ ਧੂੰਆਂ ਛੱਡਣਾ, ਸੰਤ ਕਬੀਰ ਦੇ ਇੱਕ ਪਵਿੱਤਰ ਸ਼ਬਦ ਨੂੰ ਵਿਗਾੜਨਾ, ਗੁੰਡਾਗਰਦੀ ਦੇ ਮਾਹੌਲ ਨੂੰ ਦਰਸਾਉਂਦਾ ‘ਅਰਜਨ ਵੈਲੀ’ ਗੀਤ ਤੇ ਇੱਕ ਅੰਤਿਮ ਸੀਨ ਜਿੱਥੇ ਰਣਬੀਰ ਕਪੂਰ ਇੱਕ ਗੁਰਸਿੱਖ ਵਿਅਕਤੀ ਦੇ ਦਾੜੇ ’ਤੇ ਕਸਾਈ ਵਾਲਾ ਚਾਕੂ ਰੱਖਦਾ ਹੈ, ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਦ੍ਰਿਸ਼ ਸਿੱਖ ਕੌਮ ਦੀਆਂ ਸੱਭਿਆਚਾਰਕ ਤੇ ਧਾਰਮਿਕ ਕਦਰਾਂ-ਕੀਮਤਾਂ ਪ੍ਰਤੀ ਨਿਰਾਦਰ ਨੂੰ ਦਰਸਾਉਂਦੇ ਹਨ। ਸਿੱਖ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਅਪੀਲ ਕੀਤੀ ਕਿ ਭਵਿੱਖ ਵਿੱਚ ਅਜਿਹੀਆਂ ਫਿਲਮਾਂ ਦੇ ਨਿਰਮਾਣ ਨੂੰ ਰੋਕਣ ਲਈ ਫ਼ਿਲਮ ਨਿਰਮਾਤਾਵਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।