ਝਾਰਖੰਡ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਪ੍ਰਸਾਦ ਸਾਹੂ ਦੇ ਘਰ ਅਤੇ ਦਫਤਰਾਂ ‘ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਅੱਜ 6ਵੇ ਦਿਨ ਵੀ ਜਾਰੀ ਹੈ. ਇਸ ਦੌਰਾਨ 350 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਜਾ ਚੁੱਕੀ ਹੈ। ਪੰਜ ਦਿਨ ਪਹਿਲਾਂ ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਦੇ 9 ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕਰਕੇ ਤਲਾਸ਼ੀ ਲਈ ਗਈ ਸੀ। ਇਹ ਕਾਰਵਾਈ ਇੱਕ ਰਿਕਾਰਡ ਬਣ ਗਈ ਹੈ। ਕਿਸੇ ਵੀ ਏਜੰਸੀ ਦੁਆਰਾ ਕੀਤੀ ਗਈ ਕਾਰਵਾਈ ਵਿੱਚ ਬਰਾਮਦ ਕੀਤੀ ਗਈ ਇਹ ਸਭ ਤੋਂ ਵੱਧ ਨਕਦੀ ਹੈ। ਇਸ ਤੋਂ ਪਹਿਲਾਂ 2019 ਵਿੱਚ ਕਾਨਪੁਰ ਦੇ ਇੱਕ ਕਾਰੋਬਾਰੀ ਤੋਂ 257 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਸੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰਬੀ ਖੇਤਰੀ ਪ੍ਰੀਸ਼ਦ ਦੀ 26ਵੀਂ ਬੈਠਕ ‘ਚ ਹਿੱਸਾ ਲੈਣ ਲਈ ਪਟਨਾ ਪਹੁੰਚੇ ਸਨ। ਇਸ ਦੌਰਾਨ ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ 300 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਦੀ ਬਰਾਮਦਗੀ ਦੇ ਮੁੱਦੇ ‘ਤੇ ਕਾਂਗਰਸ ਅਤੇ ਇੰਡੀਆ ਗਠਜੋੜ ਨੂੰ ਘੇਰਿਆ, ਉਹਨਾਂ ਕਿਹਾ ਕਿ ਮੈਂ ਬਹੁਤ ਹੈਰਾਨ ਹਾਂ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸੰਸਦ ਮੈਂਬਰ ਦੇ ਘਰੋਂ ਇੰਨੀ ਵੱਡੀ ਰਕਮ ਬਰਾਮਦ ਨਹੀਂ ਹੋਈ ਹੈ ਪਰ ਇਸ ਭ੍ਰਿਸ਼ਟਾਚਾਰ ‘ਤੇ ਪੂਰਾ ਇੰਡੀਆ ਗਠਜੋੜ ਚੁੱਪ ਹੈ।
ਦੱਸ ਦਈਏ ਕਿ ਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਦੇ ਦੋਸ਼ ‘ਚ 6 ਦਸੰਬਰ ਨੂੰ ਕਾਂਗਰਸ ਸੰਸਦ ਨਾਲ ਜੁੜੀਆਂ ਕੰਪਨੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਸ਼ੁਰੂ ਕੀਤੀ ਸੀ। ਆਮਦਨ ਕਰ ਵਿਭਾਗ ਦਾ ਮੰਨਣਾ ਹੈ ਕਿ ਕਾਂਗਰਸੀ ਆਗੂ ਨੂੰ ਇਹ ਰਕਮ ਦੇਸੀ ਸ਼ਰਾਬ ਦੀ ਨਕਦ ਵਿਕਰੀ ਤੋਂ ਮਿਲੀ ਹੈ।