ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਦੀ ਟਾਰਗੇਟ ਕਿਲਿੰਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਦੀ ਨਵੀਂ ਬਿਮਾਰੀ ਆ ਗਈ ਹੈ। ਸੂਬੇ ਦੇ ਹਰ ਸ਼ਹਿਰ ਵਿੱਚ ਟਾਰਗੇਟ ਕਿਲਿੰਗ ਹੋ ਰਹੀ ਹੈ। ਇਸ ਤੋਂ ਵੀ ਗੰਭੀਰ ਗੱਲ ਇਹ ਕਿ ਹੁਣ ਗੈਂਗਸਟਰਾਂ ਨੂੰ ਵੱਖ-ਵੱਖ ਮੁਲਕਾਂ ਦੀਆਂ ਖੁਫਿਆ ਏਜੰਸੀਆਂ ਆਪਣੇ ਮਸੂਬਿਆਂ ਨੂੰ ਪੂਰਾ ਕਰਨ ਦੇ ਲਈ ਟਾਰਗੇਟ ਕਿਲਿੰਗ ਦੇ ਲਈ ਵਰਤ ਰਹੀਆਂ ਹਨ। ਇਸੇ ਲਈ ਦੂਜੇ ਮੁਲਕਾਂ ਵਿੱਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾ ਵਧੀਆਂ ਹਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇਹ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੇ ਖਿਲਾਫ ਵੱਖਵਾਦੀ ਅਤੇ ਅੱਤਵਾਦੀ ਹੋਣ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਇਸ ਬਿਰਤਾਂਤ ਨੂੰ ਕਿਧਰੇ ਨਾ ਕਿਧਰੇ ਸਰਕਾਰੀ ਸਰਪਰਸਤੀ ਵੀ ਹੈ। ਜਦੋਂ ਸਿੱਖਾਂ ਦੇ ਖਿਲਾਫ ਅਜਿਹਾ ਨੈਰੇਟਿਵ ਸਿਰਜਿਆ ਜਾਂਦਾ ਹੈ ਤਾਂ ਟਾਰਗੇਟ ਕਿਲਿੰਗ ਨੂੰ ਜਾਇਜ ਠਹਿਰਾਇਆ ਜਾਂਦਾ ਹੈ। ਜਥੇਦਾਰ ਸਾਹਿਬ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਸ ਨੂੰ ਠੱਲ ਪੈਣੀ ਚਾਹੀਦੀ ਹੈ,ਸਿੱਖਾਂ ਦਾ ਦੇਸ਼ ਅਤੇ ਵਿਸ਼ਵ ਦੀ ਸ਼ਾਂਤੀ ਵਿੱਚ ਵੱਡਾ ਯੋਗਦਾਨ ਹੈ
ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਹਾ ਤੁਸੀਂ ਟਾਰਗੇਟ ਕਿਲਿੰਗ ਜ਼ਰੀਏ ਸਿੱਖਾਂ ਨੂੰ ਟਾਰਗੇਟ ਕਰ ਰਹੇ ਹੋ ਪਰ ਸਿੱਖਾਂ ਖਿਲਾਫ ਨਸਲਕੁਸ਼ੀ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਹੈ,ਅਦਾਲਤਾਂ ਉਨ੍ਹਾਂ ਨੂੰ ਬਰੀ ਕਰ ਰਹੀਆਂ ਹਨ। ਇੱਕ ਪਾਸੇ ਸਿੱਖਾਂ ਦੀਆਂ ਟਾਰਗੇਟ ਕਿਲਿੰਗ ਅਤੇ ਦੂਜੇ ਪਾਸੇ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਆਜ਼ਾਦ ਕਰਨਾ ਇਹ ਕਿਧਰੇ ਨਾ ਕਿਧਰੇ ਸਾਡੇ ਅੰਦਰ ਡਰ ਪੈਦਾ ਕਰ ਰਿਹਾ ਹੈ।
ਜਥੇਦਾਰ ਤਖ਼ਤ ਦਮਦਮਾ ਸਾਹਿਬ ਨੇ ਕਿਹਾ ਕਰਣੀ ਸੈਨਾ ਦੇ ਪ੍ਰਧਾਨ ਗੋਗਾਮੇੜੀ ਦਾ ਕਤਲ ਵੀ ਸੋਚੀ ਸਮਝੀ ਸਾਜਿਸ਼ ਦਾ ਹੀ ਨਤੀਜਾ ਹੈ । ਕਤਲ ਕਿਸੇ ਵੀ ਧਰਮ ਦੇ ਸ਼ਖਸ ਦਾ ਹੋਏ ਇਹ ਘਿਨੌਣਾ ਕੰਮ ਹੈ ਇਸ ‘ਤੇ ਠੱਲ ਪੈਣੀ ਚਾਹੀਦੀ ਹੈ । ਜਥੇਦਾਰ ਹਰਪ੍ਰੀਤ ਸਿੰਘ ਨੇ ਨਸ਼ੇ ਨੂੰ ਲੈਕੇ ਵੀ ਵੱਡਾ ਬਿਆਨ ਦਿੱਤਾ,ਉਨ੍ਹਾਂ ਕਿਹਾ ਧੜਾਧੜ ਨਸ਼ਾ ਵੇਚਿਆ ਜਾ ਰਿਹਾ ਹੈ,ਨਸ਼ੇ ਦੇ ਵਾਪਾਰੀ ਬੇਖੌਫ ਹਨ,ਖੁੱਲ ਕੇ ਨਸ਼ਾ ਵੇਚਿਆ ਜਾ ਰਿਹਾ ਹੈ ਅਤੇ ਖਰੀਦਿਆਂ ਜਾ ਰਿਹਾ ਹੈ,ਸਰਕਾਰਾਂ ਸਿਰਫ ਵੇਖ ਰਹੀਆਂ ਹਨ।