ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ 5 ਦਸੰਬਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਗੋਲੀਆਂ ਮਾਰਨ ਦੀ CCTV ਵੀ ਸਾਹਮਣੇ ਆਈ ਹੈ। ਸੁਖਦੇਵ ਸਿੰਘ ਦਾ ਕਤਲ ਜੈਪੁਰ ਵਿੱਚ ਸ਼ਿਆਮ ਨਗਰ ਸਥਿਤ ਉਨ੍ਹਾਂ ਦੇ ਘਰ ਕੀਤਾ ਗਿਆ ਹੈ। ਹੁਣ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦਾ ਮਾਮਲਾ ਪੰਜਾਬ ‘ਚ ਵੀ ਭੱਖਦਾ ਨਜ਼ਰ ਆ ਰਿਹਾ ਹੈ. ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਜਿਸ ਤਰੀਕੇ ਪੰਜਾਬ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੈੜੀ ਦਾ ਜੈਪੁਰ ਵਿਚ ਕਤਲ ਕਰਵਾਉਣ ਦੀ ਯੋਜਨਾ ਘੜ ਕੇ ਉਸਨੂੰ ਅਮਲੀ ਜਾਮਾ ਪਹਿਨਾ ਰਹੇ ਹਨ, ਉਸ ਸਾਰੇ ਮਾਮਲੇ ਦੀ ਨਿਆਂਇਕ ਜਾਂਚ ਕੀਤੀ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਸੱਚਾਈ ਇਹੀ ਹੈ ਕਿ ਗੈਂਗਸਟਰ ਸੰਪਤ ਨਹਿਰਾ ਨੇ ਬਠਿੰਡਾ ਜੇਲ੍ਹ ਵਿਚ ਬੈਠ ਕੇ ਹੀ ਨਾ ਸਿਰਫ ਗੋਗਾਮੈੜੀ ਦੀ ਹੱਤਿਆ ਦੀ ਸਾਜ਼ਿਸ਼ ਘੜੀ ਬਲਕਿ AK 47 ਦਾ ਵੀ ਪ੍ਰਬੰਧ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਜੇਲ੍ਹ ਵਿਭਾਗ ਗੈਂਗਸਟਰਾਂ ਕੋਲ ਸਮਾਰਟ ਫੋਨ ਪਹੁੰਚਣ ਤੋਂ ਰੋਕਣ ਵਿਚ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਆਪ ਹੀ ਗ੍ਰਹਿ ਤੇ ਜੇਲ੍ਹ ਮੰਤਰੀ ਹਨ, ਇਸੇ ਲਈ ਉਹ ਇਸ ਗੱਲ ਲਈ ਜਵਾਬਦੇਹ ਹਨ ਕਿ ਪੰਜਾਬ ਦੀਆਂ ਜੇਲ੍ਹਾਂ ਉਹਨਾਂ ਦੀ ਨਿਗਰਾਨੀ ਹੇਠ ਗੈਂਗਸਟਰਾਂ ਵਾਸਤੇ ਸੁਰੱਖਿਅਤ ਪਨਾਹਗਾਹਾਂ ਕਿਉਂ ਬਣ ਗਈਆਂ ਹਨ।
ਉਹਨਾਂ ਕਿਹਾ ਕਿ ਸਰਕਾਰ ਹਾਲੇ ਤੱਕ ਗੈਂਗਸਟਰ ਲਾਰੰਸ ਬਿਸ਼ਨੋਈ ਵੱਲੋਂ ਸੂਬੇ ਦੀ ਜੇਲ੍ਹ ਵਿਚੋਂ ਇੰਟਰਵਿਊ ਦੇਣ ਦੇ ਮਾਮਲੇ ਵਿਚ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ ਜਦੋਂ ਕਿ ਹਾਈ ਕੋਰਟ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ। ਉਹਨਾਂ ਕਿਹਾ ਕਿ ਸਰਕਾਰ ਰੋਪੜ ਜੇਲ੍ਹ ਵਿਚ ਬੰਦ ਰਹੇ ਮੁਖ਼ਤਿਆਰੀ ਅੰਸਾਰੀ ਨੂੰ ਵੀ ਵੀ ਆਈ ਪੀ ਸਹੂਲਤਾਂ ਦੇਣ ’ਤੇ ਆਏ ਖਰਚ ਨੂੰ ਵਸੂਲਣ ਦੇ ਦਾਅਵੇ ਕਰਨ ਦੇ ਬਾਵਜੂਦ ਇਹ ਵਸੂਲੀ ਨਹੀਂ ਕਰ ਸਕੀ। ਮਜੀਠੀਆ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਆਪ ਨੋਟਿਸ ਲੈਣ ਤੇ ਨਾਲ ਹੀ ਬਠਿੰਡਾ ਜੇਲ੍ਹ ਵਿਚ ਗੋਗਾਮੈੜੀ ਦੇ ਕਤਲ ਦੀ ਯੋਜਨਾ ਦਾ ਵੀ ਨੋਟਿਸ ਲੈਣ।
ਉਹਨਾਂ ਕਿਹਾ ਕਿ ਜਿਸ ਤਰੀਕੇ ਭਗਵੰਤ ਮਾਨ ਦੀ ਨਿਗਰਾਨੀ ਹੇਠ ਗੈਂਗਸਟਰਾਂ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਜਾ ਰਹੀਹੈ, ਉਸਦੀ ਬਾਰੀਕੀ ਨਾਲ ਜਾਂਚ ਜ਼ਰੂਰੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਗੈਂਗਸਟਰਾਂ ਨੂੰ ਵੀ ਆਈ ਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਅਕਾਲੀ ਦਲ ਦੇ ਵਫਦ ਨੂੰ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਗਈ ਹਾਲਾਂਕਿ ਏ ਡੀ ਜੀ ਪੀ ਜੇਲ੍ਹਾਂ ਨੇ ਇਸਦੀ ਪ੍ਰਵਾਨਗੀ ਵੀ ਦਿੱਤੀ ਸੀ।