ਗਊ ਸੇਵਾ ਕਮਿਸ਼ਨ ਪੰਜਾਬ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚਾਵਲਾ ਨੂੰ ਹਾਲ ਹੀ ‘ਚ ਇਕ ਗੈਂਗਸਟਰ ਦਾ ਧਮਕੀ ਭਰਿਆ ਫ਼ੋਨ ਆਇਆ ਸੀ, ਜਿਸ ‘ਚ ਉਸ ਨੇ ਆਗੂ ਨੂੰ 2 ਦਿਨਾਂ ਵਿਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਹਾਲ ਹੀ ‘ਚ ਹੁਣ ਖ਼ਬਰ ਆਈ ਹੈ ਕਿ ਬੀਤੀ ਰਾਤ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਘਰ ’ਤੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਇਹ ਨੌਜਵਾਨ ਵਿਹੜੇ ’ਚ ਗੋਲੀਆਂ ਦੇ ਖੋਲ ਤੇ ਧਮਕੀ ਭਰੀ ਚਿੱਠੀ ਸੁੱਟ ਕੇ ਚਲੇ ਗਏ। ਇਸ ਸਭ ਤੋਂ ਬਾਅਦ ਕਮਲਜੀਤ ਚਾਵਲਾ ਨੇ ਪੁਲਸ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੀ ਹੈ ਮਾਮਲਾ?
ਜਾਣਕਾਰੀ ਮੁਤਾਬਕ ਕਮਲਜੀਤ ਚਾਵਲਾ ਨੂੰ ਇਕ ਗੈਂਗਸਟਰ ਦਾ ਧਮਕੀ ਭਰਿਆ ਫ਼ੋਨ ਆਇਆ ਸੀ, ਜਿਸ ‘ਚ ਉਸ ਨੇ ਆਗੂ ਨੂੰ 2 ਦਿਨਾਂ ਵਿਚ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਉਹ ਪੁਲਿਸ ਨਾਲ ਜਿੱਥੇ ਵੀ ਚਲਾ ਜਾਵੇ, ਉਸ ਨੂੰ ਉਹ ਨਹੀਂ ਛੱਡੇਗਾ। ਚਾਵਲਾ ਨੇ ਦੱਸਿਆ ਕਿ ਸਵੇਰੇ ਉਸ ਨੇ ਦੇਖਿਆ ਕਿ ਉਸ ਦੇ ਘਰ ‘ਚ ਗੋਲੀਆਂ ਦੇ ਖੋਲ ਪਏ ਸਨ ਅਤੇ ਇਕ ਪੱਤਰ ਵੀ ਸੀ, ਜਿਸ ‘ਚ ਉਨ੍ਹਾਂ ਨੂੰ ਮਾਰ ਦੇਣ ਦੀ ਗੱਲ ਕਹੀ ਗਈ ਹੈ। ਇਸ ਤੋਂ ਬਾਅਦ ਉਸ ਨੇ ਘਰ ਦਾ ਸੀ. ਸੀ. ਟੀ. ਵੀ. ਚੈੱਕ ਕੀਤਾ ਤਾਂ ਫੁਟੇਜ ਵਿਚ 2-3 ਨੌਜਵਾਨ ਉਨ੍ਹਾਂ ਦੇ ਘਰ ਅੱਗੇ ਘੁੰਮਦੇ ਦੇਖੇ ਗਏ, ਜਿਨ੍ਹਾਂ ਦੇ ਹੱਥਾਂ ‘ਚ ਹਥਿਆਰ ਵੀ ਹਨ। SHO ਗਗਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ।