ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ NCRB ਦੇ ਅੰਕੜਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਹਰਸਿਮਰਤ ਕੌਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ NCRB ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਪੰਜਾਬ ‘ਚ ਲਾਪਤਾ ਲੋਕਾਂ ‘ਚ 80 ਫੀਸਦੀ ਔਰਤਾਂ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।
ਇਸ ਤੋਂ ਬਾਅਦ ਹਰਸਿਮਰਤ ਬਾਦਲ ਨੇ ਅੱਗੇ ਲਿਖਿਆ, “ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅਜੇ ਤੱਕ ਇਸ ਰਿਪੋਰਟ ‘ਤੇ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਮਨੁੱਖੀ ਤਸਕਰੀ ਸਮੇਤ ਇਸ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਵੀ ਨਹੀਂ ਕੀਤੀ। ਇਸ ਦੀ ਜਾਂਚ ਲਈ ਇੱਕ ਕਮਿਸ਼ਨ ਤੁਰੰਤ ਬਣਾਇਆ ਜਾਣਾ ਚਾਹੀਦਾ ਹੈ।”
ਹਰਸਿਮਰਤ ਬਾਦਲ ਨੇ ਲਿਖਿਆ ਪੰਜਾਬ ਵਿੱਚੋਂ ਹਰ ਰੋਜ਼ 3 ਲੜਕੀਆਂ ਤੇ ਇੱਕ ਲੜਕਾ ਲਾਪਤਾ ਹੋ ਜਾਂਦਾ ਹੈ। ਪਿਛਲੇ ਸਾਲ 18 ਸਾਲ ਤੋਂ ਘੱਟ ਉਮਰ ਦੇ 1113 ਲੜਕੇ-ਲੜਕੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ। ਇਸ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਲਾਪਤਾ ਹੋਣ ਵਾਲਿਆਂ ਵਿੱਚ 927 ਲੜਕੀਆਂ ਤੇ 127 ਲੜਕੇ ਸ਼ਾਮਲ ਹਨ। ਜੇਕਰ ਸਾਲ 2021 ਦੀ ਗੱਲ ਕਰੀਏ ਤਾਂ 1045 ਲੋਕ ਲਾਪਤਾ ਹੋਏ, ਜਿਨ੍ਹਾਂ ਵਿੱਚ 881 ਲੜਕੀਆਂ ਤੇ 164 ਲੜਕੇ ਸਨ
ਰਿਪੋਰਟ ਮੁਤਾਬਕ ਸੂਬੇ ‘ਚ ਹੁਣ ਤੱਕ 3607 ਲੋਕ ਲਾਪਤਾ ਹੋਏ, ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਸਾਲ 2021 ਵਿੱਚ ਇਨ੍ਹਾਂ ਲਾਪਤਾ ਲੋਕਾਂ ਦੀ ਗਿਣਤੀ 2494 ਸੀ। ਲਾਪਤਾ ਹੋਣ ਵਾਲੇ ਬੱਚਿਆਂ ਵਿੱਚ ਕੁੜੀਆਂ ਦੀ ਗਿਣਤੀ ਵਿੱਚ ਵਾਧਾ ਮਨੁੱਖੀ ਤਸਕਰੀ ਦੇ ਵਧਦੇ ਖ਼ਤਰੇ ਦਾ ਸੰਕੇਤ ਹੈ।
NCRB ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਗੁੰਮਸ਼ੁਦਾ ਮਾਮਲਿਆਂ ਵਿੱਚ ਵਾਧਾ ਹੈਰਾਨੀਜਨਕ ਹੈ। ਦੱਸ ਦਈਏ ਕਿ ਹਾਲ ਹੀ ‘ਚ NCRB ਨੇ ਵੀ ਪੰਜਾਬ ‘ਚ ਅਪਰਾਧ ਦੀ ਰਿਪੋਰਟ ਪੇਸ਼ ਕੀਤੀ ਸੀ, ਜਿਸ ‘ਚ ਦੱਸਿਆ ਗਿਆ ਸੀ ਕਿ 2021 ਦੇ ਮੁਕਾਬਲੇ 2022 ‘ਚ ਪੰਜਾਬ ‘ਚ ਔਰਤਾਂ ਤੇ ਬੱਚਿਆਂ ਖਿਲਾਫ ਅਪਰਾਧਾਂ ‘ਚ ਕਮੀ ਆਈ ਹੈ।