ਦੇਸ਼ ਭਰ ‘ਚ ਸੜਕ ਹਾਦਸੇ ਦਿਨੋਂ-ਦਿਨ ਵਧਦੇ ਜਾ ਰਹੇ ਹਨ ਅਤੇ ਇਹਨਾਂ ਸੜਕ ਹਾਦਸਿਆਂ ਦੇ ਚੱਲਦੇ ਕਈ ਮਾਸੂਮ ਲੋਕਾਂ ਦੀਆਂ ਮੌਤਾਂ ਹੋ ਜਾਂਦੀਆਂ ਹਨ। ਹੁਣ ਇਸ ਸਭ ‘ਤੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਵਿਭਾਗ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਜਾਨਲੇਵਾ ਸੜਕ ਹਾਦਸਿਆਂ ਨੂੰ ਰੋਕਣ ਵਿਚ ਅਸਫਲ ਸਾਬਤ ਹੋ ਰਿਹਾ ਹੈ। ਗਡਕਰੀ ਨੇ ਲੋਕ ਸਭਾ ਵਿਚ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਕੋਟਾਗਿਰੀ ਸ੍ਰੀਧਰ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਸੀਂ ਦੇਸ਼ ਵਿਚ ਸੜਕ ਹਾਦਸਿਆਂ ਨੂੰ ਰੋਕਣ ਵਿਚ ਅਸਫਲ ਰਹੇ ਹਾਂ। ਉਨ੍ਹਾਂ ਕਿਹਾ ਕਿ ਇਕ ਪਾਸੇ ਕੁਝ ਲੋਕ ਐਕਸਪ੍ਰੈੱਸ ਵੇਅ ’ਤੇ ਸਪੀਡ ਲਿਮਟ ਵਧਾਉਣ ਦੀ ਮੰਗ ਕਰਦੇ ਹਨ ਅਤੇ ਇਸ ਸਬੰਧੀ ਕਾਨੂੰਨ ’ਚ ਢਿੱਲ ਦੇਣ ਦੀ ਮੰਗ ਕਰਦੇ ਹਨ, ਉਥੇ ਹੀ ਕੁਝ ਲੋਕ ਸਪੀਡ ਲਿਮਟ ਘੱਟ ਕਰਨ ਦਾ ਪ੍ਰਸਤਾਵ ਦਿੰਦੇ ਹਨ।
ਮੰਤਰੀ ਨੇ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਸਰਵਿਸ ਲੇਨਾਂ ਨੂੰ ਜੋੜਨ ਕਾਰਨ ਵੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ 2021 ਵਿਚ ਦੇਸ਼ ਵਿਚ 4,12,432 ਸੜਕ ਹਾਦਸੇ ਹੋਏ, ਜਦੋਂ ਕਿ ਇਸ ਤੋਂ ਅਗਲੇ ਸਾਲ 4,61,312 ਅਜਿਹੇ ਮਾਮਲੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਇਸ ਵਿਚ 12 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਸੜਕ ਹਾਦਸਿਆਂ ਵਿਚ ਮੌਤਾਂ ਦੇ ਮਾਮਲੇ 2021 ਵਿਚ 1,53,972 ਤੋਂ ਵੱਧ ਕੇ 2022 ਵਿਚ 1,68,491 ਹੋ ਗਏ, ਜਿਨ੍ਹਾਂ ਵਿਚ ਲਗਭਗ 10 ਫੀਸਦੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਸੜਕ ਹਾਦਸਿਆਂ ਕਾਰਨ ਦੇਸ਼ ਦੀ ਜੀ. ਡੀ. ਪੀ. ਨੂੰ 3.14 ਫੀਸਦੀ ਦਾ ਘਾਟਾ ਝੱਲਣਾ ਪੈ ਰਿਹਾ ਹੈ। ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਮੌਤ ਦੇ 67 ਫੀਸਦੀ ਮਾਮਲੇ 18 ਤੋਂ 45 ਸਾਲ ਦੇ ਨੌਜਵਾਨਾਂ ਦੇ ਹੁੰਦੇ ਹਨ।