ਰਾਸ਼ਟਰੀ ਰਾਜ ਮਾਰਗ ਜਲੰਧਰ-ਪਠਾਨਕੋਟ ’ਤੇ ਸਥਿਤ ਕਸਬਾ ਮੁਸਾਹਿਬਪੁਰ ਨੇੜੇ ਬੀਤੇ ਦਿਨ ਦਰਦਨਾਕ ਹਾਦਸਾ ਵਾਪਰਿਆ ਹੈ. ਇਸ ਹਾਦਸੇ ਦੌਰਾਨ ਟੂਰਿਸਟ ਬੱਸ ਨੇ ਟਰੈਕਟਰ ਟਰਾਲੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਟਰਾਲੀ ’ਤੇ ਸਵਾਰ ਦੋ ਕਿਸਾਨਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਲਾਸ਼ਾਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਦੇ ਮੁਰਦਾਘਰ ’ਚ ਰੱਖਵਾ ਦਿੱਤਾ। ਬੱਸ ਡਰਾਈਵਰ ਮੌਕੇ ’ਤੇ ਬੱਸ ਛੱਡ ਕੇ ਭੱਜਣ ਵਿਚ ਸਫਲ ਹੋ ਗਿਆ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਕਿਵੇਂ ਵਾਪਰਿਆ ਹਾਦਸਾ?
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ASI ਕਰਤਾਰ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਪੰਜ ਵਜੇ ਦੇ ਲਗਪਗ ਕਿਸਾਨ ਰਾਕੇਸ਼ ਕੁਮਾਰ (55) ਪੁੱਤਰ ਓਮ ਪ੍ਰਕਾਸ਼ ਵਾਸੀ ਗੁੜਾ ਕਲਾਂ (ਪਠਾਨਕੋਟ) ਜੋ ਆਪਣੇ ਟਰੈਕਟਰ ’ਤੇ ਸ਼ੂਗਰ ਮਿੱਲ ਵਿਚ ਗੰਨਾ ਛੱਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਜਿਸ ਦੇ ਨਾਲ ਉਸ ਦਾ ਸਾਥੀ ਪ੍ਰਵੀਨ ਸਿੰਘ (50) ਪੁੱਤਰ ਸੋਹਣ ਸਿੰਘ ਵਾਸੀ ਨੱਥੂਵਾਲ ਬੈਠਾ ਸੀ। ਜਿਵੇਂ ਹੀ ਉਹ ਉਕਤ ਸਥਾਨ ’ਤੇ ਪੁੱਜੇ ਤਾਂ ਪਿੱਛਿਓਂ ਆ ਰਹੀ ਇਕ ਟੂਰਿਸਟ ਬੱਸ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਦੇ ਦੋ ਟੁੱਕੜੇ ਹੋ ਕੇ ਸੜਕ ’ਤੇ ਖਿੱਲਰ ਗਏ। ਇਸ ਦੌਰਾਨ ਟਰੈਕਟਰ ਚਾਲਕ ਤੇ ਉਸ ਦੇ ਸਾਥੀ ਦੀ ਮੌਕੇ ’ਤੇ ਹੀ ਮੌਤ ਹੋ ਗਈ।