ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਅਦਾਲਤ ਵੱਲੋਂ ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਨੂੰ 15 ਫਰਵਰੀ ਤੱਕ ਵਧਾ ਦਿੱਤਾ ਗਿਆ ਹੈ। ਇਹ ਅਗਾਊਂ ਜ਼ਮਾਨਤ ਬਠਿੰਡਾ ਪਲਾਟ ਘੁਟਾਲੇ ਮਾਮਲੇ ‘ਚ ਦਿੱਤੀ ਗਈ ਹੈ
ਕੀ ਹੈ ਮਾਮਲਾ?
ਦੱਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ 24 ਸਤੰਬਰ ਨੂੰ ਬਠਿੰਡਾ ਥਾਣਾ ‘ਚ ਪਲਾਟ ਅਲਾਟਮੈਂਟ ਨਾਲ ਸੰਬੰਧੀ ਮਾਮਲੇ ’ਚ ਬਾਦਲ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਵਿਜੀਲੈਂਸ ਨੇ ਮਨਪ੍ਰੀਤ ਬਾਦਲ ਦੀ ਭਾਲ ‘ਚ 6 ਸੂਬਿਆਂ ‘ਚ ਛਾਪੇਮਾਰੀ ਕੀਤੀ ਅਤੇ ਇਸਦੇ ਨਾਲ ਹੀ ਟੀਮਾਂ ਨੇ ਚੰਡੀਗੜ੍ਹ ਅਤੇ ਲੰਬੀ ‘ਚ ਵੀ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਪਰ ਉੱਥੇ ਵੀ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ।
ਮਨਪ੍ਰੀਤ ਬਾਦਲ ਨੇ ਆਪਣੇ ਆਪ ਨੂੰ ਬੇਕਸੂਰ ਅਤੇ ਇਸ ਮਾਮਲੇ ਨੂੰ ਸਿਆਸੀ ਬਦਲਾਖ਼ੋਰੀ ਦਾ ਮਾਮਲਾ ਦੱਸਿਆ ਹੈ। ਬਠਿੰਡਾ ਅਦਾਲਤ ਵੱਲੋਂ ਅਪਰਾਧਿਕ ਮਾਮਲੇ ’ਚ ਜ਼ਮਾਨਤ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸ਼ਰਨ ਲਈ ਸੀ। ਹਾਈਕੋਰਟ ’ਚ ਦਾਇਰ ਪਟੀਸ਼ਨ ‘ਚ ਮਨਪ੍ਰੀਤ ਬਾਦਲ ਨੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।