ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਡੇਰਾਬੱਸੀ ‘ਚ ਬੁੱਧਵਾਰ ਦੇਰ ਰਾਤ ਮੋਟਰਸਾਈਕਲ ਸਵਾਰ 3 ਨੌਜਵਾਨਾਂ ਵੱਲੋਂ 5 ਨੌਜਵਾਨਾਂ ‘ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ 5 ਨੌਜਵਾਨਾਂ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਡੇਰਾਬੱਸੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮੌਕੇ ਤੋਂ 2 ਖੋਲ ਬਰਾਮਦ ਕੀਤੇ ਹਨ। ਜਾਂਚ ਦੌਰਾਨ ਇਲਾਕੇ ਵਿੱਚ ਲੱਗੇ CCTV ਫੁਟੇਜ ਦੀ ਵੀ ਜਾਂਚ ਕੀਤੀ ਗਈ ਹੈ। ਫਿਲਹਾਲ CCTV ਵਿੱਚ ਮੁਲਜ਼ਮਾਂ ਦੇ ਚਿਹਰੇ ਸਾਫ਼ ਨਜ਼ਰ ਨਹੀਂ ਆ ਰਹੇ ਹਨ।
ਦੱਸ ਦਈਏ ਕਿ ਸਾਹਿਲ, ਅਭੀ ਪਾਹਵਾ, ਮਨਪ੍ਰੀਤ, ਰੋਹਨ ਅਤੇ ਅੰਕੁਸ਼ ਡੇਰਾਬੱਸੀ ਦੀ ਵਾਲਮੀਕੀ ਬਸਤੀ ‘ਚ ਧਰਮਸ਼ਾਲਾ ਨੇੜੇ ਖੜ੍ਹੇ ਸਨ। ਫਿਰ ਤਿੰਨਾਂ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੂੰ ਦੇਖ ਕੇ ਪੰਜ ਨੌਜਵਾਨ ਉਥੋਂ ਭੱਜ ਗਏ। ਫਾਇਰਿੰਗ ਕਰਨ ਤੋਂ ਬਾਅਦ ਤਿੰਨੋਂ ਮੁਲਜ਼ਮ ਮੋਟਰਸਾਈਕਲ ’ਤੇ ਬੱਸ ਸਟੈਂਡ ਵੱਲ ਭੱਜ ਗਏ। ਸਾਹਿਲ ਨੇ ਪੁਲਿਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ। ਉਧਰ, ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮਾਮਲੇ ਦਾ ਇੱਕ ਮੁਲਜ਼ਮ ਪਿੰਡ ਮਹਿਮਦਪੁਰ ਦਾ ਰਹਿਣ ਵਾਲਾ ਹੈ ਜੋ ਇਸ ਤੋਂ ਪਹਿਲਾਂ ਰਾਮਦਾਸੀਆ ਇਲਾਕੇ ‘ਚ ਹੋਈ ਗੋਲੀਬਾਰੀ ਦਾ ਵੀ ਦੋਸ਼ੀ ਹੈ।